ਦੇਸ਼ ਦੀ ਰਾਜਧਾਨੀ ਦਿੱਲੀ ‘ਚ ਨਿੱਕੀ ਯਾਦਵ ਕਤਲਕਾਂਡ ਦੀ ਜਾਂਚ ‘ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਹਿਲ ਗਹਿਲੋਤ ਅਤੇ ਨਿੱਕੀ ਯਾਦਵ ਦਾ ਵਿਆਹ ਅਕਤੂਬਰ 2020 ਵਿੱਚ ਹੀ ਨੋਇਡਾ ਦੇ ਇੱਕ ਆਰੀਆ ਸਮਾਜ ਮੰਦਰ ਵਿੱਚ ਹੋਇਆ ਸੀ। ਸਾਹਿਲ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਖੁਸ਼ ਸਨ, ਇਸ ਲਈ ਉਹ ਨਿੱਕੀ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਇਸੇ ਲਈ ਸਾਹਿਲ ਦੇ ਪਰਿਵਾਰ ਨੇ ਦਸੰਬਰ 2022 ਵਿੱਚ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਅਤੇ ਕੁੜੀ ਵਾਲਿਆਂ ਤੋਂ ਸਾਹਿਲ ਦੇ ਪਹਿਲਾਂ ਤੋਂ ਵਿਆਹੇ ਹੋਣ ਦੀ ਗੱਲ ਲੁਕਾਈ। ਪੁਲਿਸ ਨੇ ਰਿਮਾਂਡ ਦੌਰਾਨ ਸਾਹਿਲ ਅਤੇ ਨਿੱਕੀ ਦੇ ਵਿਆਹ ਦੇ ਸਰਟੀਫਿਕੇਟ ਵੀ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਨਿੱਕੀ ਦੀ ਲਾਸ਼ ਨੂੰ ਫਰਿੱਜ ‘ਚ ਲੁਕਾਉਣ ‘ਚ ਉਸ ਦੇ ਦੋਸਤ ਅਤੇ ਚਚੇਰੇ ਭਰਾ ਨੇ ਉਸ ਦਾ ਸਾਥ ਦਿੱਤਾ ਸੀ।
ਦੂਜੇ ਪਾਸੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵੀ ਸ਼ਨੀਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਨਿੱਕੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਸਾਹਿਲ ਦੇ ਪਿਤਾ-ਭਰਾ ਅਤੇ ਦੋਸਤ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਸਪੈਸ਼ਲ ਸੀਪੀ ਰਵਿੰਦਰ ਯਾਦਵ ਨੇ ਦੱਸਿਆ ਕਿ ਸਾਹਿਲ ਗਹਿਲੋਤ ਤੋਂ ਪੁਲਿਸ ਹਿਰਾਸਤ ‘ਚ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ, ਜਿਸ ‘ਚ ਉਸ ਨੇ ਦੱਸਿਆ ਕਿ ਨਿੱਕੀ ਦੇ ਕਤਲ ਦੀ ਪੂਰੀ ਯੋਜਨਾ ਬਣਾਉਣ ਤੋਂ ਬਾਅਦ ਉਸ ਨੇ ਆਪਣੇ ਪਿਤਾ, ਦੋ ਚਚੇਰੇ ਭਰਾਵਾਂ ਆਸ਼ੀਸ਼ ਅਤੇ ਨਵੀਨ ਅਤੇ ਦੋ ਦੋਸਤਾਂ ਅਮਰ ਅਤੇ ਲੋਕੇਸ਼ ਨੂੰ ਦੱਸਿਆ। .
ਕਤਲ ਤੋਂ ਬਾਅਦ ਸਾਰੇ ਇਕੱਠੇ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ, ਜਿਸ ਤੋਂ ਬਾਅਦ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਹੋਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਨਵੀਨ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ਨੂੰ ਸ਼ੁੱਕਰਵਾਰ ਰਾਤ 10 ਵਜੇ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਪੁਲਿਸ ਨੇ ਆਰੀਆ ਸਮਾਜ ਮੰਦਰ ਦੇ ਪੁਜਾਰੀ ਤੋਂ ਵੀ ਪੁੱਛਗਿੱਛ ਕੀਤੀ, ਜਿੱਥੇ ਨਿੱਕੀ ਦਾ ਵਿਆਹ ਹੋਇਆ ਸੀ। ਇੱਕ ਦੋਸਤ ਨੇ ਵੀ ਵਿਆਹ ਵਿੱਚ ਗਵਾਹੀ ਦਿੱਤੀ ਸੀ। ਪੁਲਿਸ ਨੇ ਉਸ ਰਸਤੇ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਿਸ ਤੋਂ ਸਾਹਿਲ ਨਿੱਕੀ ਦੀ ਲਾਸ਼ ਲੈ ਕੇ ਗਿਆ ਸੀ। ਪੁਲਿਸ ਨੂੰ ਕਈ ਸੀਸੀਟੀਵੀ ਫੁਟੇਜ ਮਿਲੇ ਹਨ ਜਿਸ ਵਿੱਚ ਸਾਹਿਲ ਦੀ ਕਾਰ ਦਿਖਾਈ ਦੇ ਰਹੀ ਹੈ।
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨਿੱਕੀ ਯਾਦਵ ਕਤਲ ਕੇਸ ਵਿੱਚ ਅੱਜ ਨਿੱਕੀ ਦੇ ਪਿਤਾ ਅਤੇ ਉਸ ਦੀ ਛੋਟੀ ਭੈਣ ਦੇ ਬਿਆਨ ਦਰਜ ਕਰੇਗੀ। ਦੋਸ਼ੀ ਸਾਹਿਲ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਇਹ ਵੀ ਦੱਸਿਆ ਕਿ ਨਿੱਕੀ ਦੂਜੇ ਵਿਆਹ ਦੀ ਖਬਰ ਮਿਲਣ ਤੋਂ ਬਾਅਦ ਹੈਰਾਨ ਰਹਿ ਗਈ ਸੀ। ਉਹ ਆਪੇ ਤੋਂ ਬਾਹਰ ਹੋ ਗਈ ਸੀ। ਗੁੱਸੇ ਵਿੱਚ ਆ ਕੇ ਵਾਰ-ਵਾਰ ਉਸ ਨੂੰ ਬਰਬਾਦ ਕਰਨ ਤੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੀ ਸੀ, ਜਿਸ ਤੋਂ ਬਾਅਦ ਦੋਸ਼ੀ ਸਾਹਿਲ ਡਰ ਗਿਆ ਅਤੇ ਬੜੀ ਨਿਡਰਤਾ ਨਾਲ ਯੋਜਨਾ ਬਣਾ ਕੇ ਉਸਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮੌਕੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੇ ਸ਼੍ਰੀ ਮਹਾਲਕਸ਼ਮੀ ਮੰਦਰ ਨਤਮਸਤਕ ਹੋਏ CM ਮਾਨ
ਇਸ ਤੋਂ ਬਾਅਦ ਉਹ ਨਿੱਕੀ ਦੀ ਲਾਸ਼ ਨੂੰ ਆਪਣੀ ਕਾਰ ‘ਚ ਲੈ ਕੇ ਰਾਜਧਾਨੀ ਦਿੱਲੀ ‘ਚ ਕਸ਼ਮੀਰੀ ਗੇਟ ਤੋਂ ਕਰੀਬ 38 ਕਿਲੋਮੀਟਰ ਦੂਰ ਉਸ ਦੇ ਘਰ ਪਿੰਡ ਮਿੱਤਰਾਂ ਪਹੁੰਚ ਗਿਆ। ਉੱਥੇ ਹੀ ਇੱਕ ਬੰਦ ਢਾਬੇ ਦੇ ਫਰਿੱਜ ਵਿੱਚ ਨਿੱਕੀ ਦੀ ਲਾਸ਼ ਨੂੰ ਲੁਕਾ ਕੇ ਉਹ ਦੁਬਾਰਾ ਵਿਆਹ ਕਰਵਾਉਣ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: