Funeral of Shaheed : ਲੱਦਾਖ ਵਿਚ ਚੀਨੀ ਫੌਜ ਨਾਲ ਹੋਈ ਹਿੰਸਕ ਝੜਪ ਵਿਚ ਆਪਣੀ ਜਾਨ ਵਾਰ ਦੇਣ ਵਾਲੇ ਭਾਰਤੀ ਫੌਜੀਆਂ ਵਿਚ ਚਾਰ ਪੰਜਾਬ ਦੇ ਜਵਾਨ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਗੁਰਦਾਸਪੁਰ ਦੇ ਸ਼ਹੀਦ ਸਤਨਾਮ ਸਿੰਘ ਤੇ ਪਟਿਆਲਾ ਦੇ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਗਈ ਸੀ, ਜਿਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਨ੍ਹਾਂ ਵਿਚੋਂ ਦੋ ਜਵਾਨਾਂ ਸੰਗਰੂਰ ਦੇ ਸ਼ਹੀਦ ਗੁਰਬਿੰਦਰ ਸਿੰਘ ਤੇ ਮਾਨਸਾ ਦੇ ਸ਼ਹੀਦ ਗੁਰਤੇਜ ਸਿੰਘ ਦੀਆਂ ਮ੍ਰਿਤਕ ਦੇਹਾਂ ਦੇਸ਼ ਦੇ ਝੰਡੇ ਵਿਚ ਲਪੇਟ ਕੇ ਪੂਰੇ ਸਨਮਾਨ ਨਾਲ ਅੱਜ ਪੰਜਾਬ ਪਹੁੰਚੀਆਂ, ਜਿਥੇ ਇਨ੍ਹਾਂ ਦੋਹਾਂ ਸ਼ਹੀਦਾਂ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਹੱਥ ਵਿਚ ਤਿਰੰਗੇ ਝੰਡੇ ਲੈ ਕੇ ਭਾਰਤ ਮਾਤਾ ਦੇ ਨਾਅਰੇ ਲਗਾਉਂਦੇ ਹੋਏ ਅੰਤਿਮ ਵਿਦਾਈ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਭਾਰਤ-ਚੀਨੀ ਫੌਜ ਦੀ ਝੜਪ ਵਿਚ ਸ਼ਹੀਦ ਹੋਏ ਸਿੱਖ ਰੈਜੀਮੈਂਟ ਦੇ ਸਿਪਾਹੀ ਗੁਰਤੇਜ ਸਿੰਘ ਦੀ ਸ਼ਹਾਦਤ ਤੋਂ ਬਾਅਦ ਬੀਰੇਵਾਲਾ ’ਚ ਪਿੰਡ ਦੇ ਸ਼ਮਸ਼ਾਨਘਾਟ ਦੀ ਬਜਾਏ ਖੇਤਾਂ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਜਗ੍ਹਾ ’ਤੇ ਸ਼ਹੀਦ ਦੀ ਯਾਦਗਾਰ ਬਣਾਈ ਜਾਏਗੀ। ਸ਼ਹੀਦ ਦੇ ਅੰਤਿਮ ਸੰਸਕਾਰ ਦੌਰਾਨ ਉਸ ਦੀ ਮਾਂ ਪ੍ਰਕਾਸ਼ ਕੌਰ ਤੇ ਪਰਿਵਾਰ ਵਾਲਿਆਂ ਨੂੰ ਉਸ ਦੇ ਜਾਣ ਦਾ ਦੁੱਖ ਸਹਾਰਣਾ ਮੁਸ਼ਕਲ ਹੋ ਰਿਹਾ ਸੀ ਉਨ੍ਹਾਂ ਨੇ ਰੌਂਦੇ-ਕੁਰਲਾਉਂਦੇ ਹੋਏ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਚੀਨ ਤੋਂ ਆਪਣੇ ਦੇਸ਼ ਦੇ ਵੀਰਾਂ ਦੀ ਕੁਰਬਾਨੀ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ’ਤੇ ਸ਼ਹੀਦ ਦੇ ਪਰਿਵਾਰ ਦੇ ਘਰ ਸਮਾਜ ਸੇਵੀ, ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ।
ਉਧਰ ਸੰਗਰੂਰ ਦੇ ਚੀਮਾ ਦੇ ਨੇੜੇ ਸਥਿਤ ਪਿੰਡ ਤੋਲਾਵਾਲ ਦੇ ਸ਼ਹੀਦ ਗੁਰਬਿੰਦਰ ਸਿੰਘ ਦੀ ਤਿਰੰਗੇ ਵਿਚ ਲਿਪਟੀ ਮ੍ਰਿਤਕ ਦੇਹ ਬਾਅਦ ਦੁਪਹਿਰ ਪਿੰਡ ਪਹੁੰਚੀ, ਜਿਥੇ ਉਸ ਦੇ ਅੰਤਿਮ ਦਰਸ਼ਨ ਲਈ ਲੋਕਾਂ ਦੀ ਭੀੜ ਉਮਰ ਪਈ। ਉਸ ਦੀ ਮਾਂ ਚਰਨਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਦਾ ਉਸ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਦੱਸਣਯੋਗ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਹੀਦ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।