GNDU and PU included in : ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ (GNDU) ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੀ ਨੰਬਰ ਵਨ ਸਟੇਟ ਪਬਲਿਕ ਯੂਨੀਵਰਸਿਟੀ ਅਤੇ NERF ਰੈਂਕਿੰਗ-2020 ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਕੇਂਦਰੀ ਅਤੇ ਜਨਤਕ ਤੇ ਨਿੱਜੀ ਯੂਨੀਵਰਸਿਟੀਆਂ ਵਿਚ ਟੌਪ 100 ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ GNDU ਨੇ ਇਸ ਰੈਂਕਿੰਗ ਵਿਚ 51ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ GNDU ਨੂੰ ਦੇਸ਼ ਦੀ ਸਟੇਟ ਫੰਡਿੰਗ ਵਾਲੀਆਂ ਯੂਨੀਵਰਸਿਟੀਆਂ ਦੀ ਸੂਚੀ ਵਿਚ 18ਵਾਂ ਸਥਾਨ ਹਾਸਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫ੍ਰੇਮਵਰਕ (NIRF)-2020 ਦੀ ਰੈਂਕਿੰਗ ਕੇਂਦਰੀ ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਰਮੇਸ਼ ’ਨਿਸ਼ੰਕ’ ਵੱਲੋਂ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਜਾਰੀ ਕੀਤੀ ਗਈ। ਪੰਜਾਬ ਦੇ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ GNDU ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਨੂੰ ਸੂਬੇ ਦੀਆਂ ਜਨਤਕ ਯੂਨੀਵਰਸਿਟੀਆਂ ਵਿਚ ਪੜ੍ਹਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰੇਗੀ। ਉੱਚ ਸਿੱਖਿਆ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੀਆਂ ਦੋ ਰਾਜ ਸਰਕਾਰੀ ਯੂਨੀਵਰਸਿਟੀਆਂ NIRF-2020 ਰੈਂਕਿੰਗ ਵਿਚ ਪਹਿਲੇ 100 ਵਿਚ ਸ਼ਾਮਲ ਹੋਈਆਂ ਹਨ।
ਇਥੇ ਦੱਸ ਦੇਈਏ ਕਿ NIRF ਪੰਜ ਮਾਪਦੰਡਾਂ ਜਿਨ੍ਹਾਂ ਵਿਚ ਟੀਚਿੰਗ ਅਤੇ ਲਰਨਿੰਗ ਰਿਸੋਰਸ, ਰਿਸਰਚ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਦੇ ਨਤੀਜੇ, ਓਵਰਆਲ ਇਨਕਲੂਸਿਵਿਟੀ ਅਤੇ ਪਰਸੈਪਸ਼ਨ ਸ਼ਾਮਲ ਹਨ ’ਤੇ ਵੱਖ-ਵੱਖ ਸੰਸਥਾਵਾਂ ਦੀ ਦਰਜਾਬੰਦੀ ਕਰਦੀ ਹੈ। ਇਸ ਸਾਲ ਸ੍ਰੀ ਗੁਰੂ ਨਾਨਕ ਯੂਨੀਵਰਿਸਟੀ ਵੱਲੋਂ ਪੰਜ ਵਿਚੋਂ ਤਿੰਨ ਮਾਪਦੰਡਾਂ (ਸੋਧ ਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਨਤੀਜੇ ਤੇ ਧਾਰਣਾ) ਵਿਚ ਸੁਧਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੌਮੀ ਪੱਧਰ ਦੀਆਂ ਯੂਨੀਵਰਸਿਟੀਆਂ ਦੀ ਅਕਾਦਮਿਕ ਰੇਟਿੰਗ ਦੀ ਤਾਜ਼ਾ ਸੂਚੀ ਵਿਚ 64ਵੇਂ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਪਿਛਲੇ ਸਾਲ ਇਸ ਰੈਂਕਿੰਗ ਵਿਚ ਪੀਯੂ ਦਾ ਨਾਂ 150 ਤੋਂ 500 ਵਾਲੀ ਸੂਚੀ ਵਿਚ ਸ਼ਾਮਲ ਸੀ। ਪੀਯੂ ਦੀ ਪ੍ਰਾਪਤੀ ’ਤੇ ਵੀਸੀ ਡਾ. ਬੀਐਸ ਘੁੰਮਣ ਨੇ ਖੁਸ਼ੀ ਦਾ ਪ੍ਰਗਾਟਾਵਾ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਫੈਕਲਟੀ, ਨਾਨ-ਟੀਚਿੰਗ ਸਟਾਫ, ਵਿਦਿਆਰਥੀਆਂ, ਖੋਜੀਆਂ, ਅਧਿਕਾਰੀਆਂ ਅਤੇ ਗਵਰਨਿੰਗ ਬਾਡੀਜ਼ ਨੂੰ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੰਡ ਮੁਹੱਈਆ ਕਰਵਾਉਣ ਵਾਲੀ ਭਾਰਤ ਸਰਾਕਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਸਰਕਾਰ ਦਾ ਵੀ ਧੰਨਵਾਦ ਕੀਤਾ। ਵੀਸੀ ਨੇ ਕਿਹਾ ਕਿ ਇਸ ਰੈਂਕਿੰਗ ਦੀ ਬਦੌਲਤ ਹੁਣ ਪੀਯੂ ਸਰਵਉਤਮ 100 ਯੂਨੀਵਰਸਿਟੀਆਂ ਦੀ ਅਕਾਦਮਿਕ ਫੰਡਿੰਗ ਦੇ ਯੋਗ ਹੋ ਜਾਵੇਗੀ।