GST department nabs : ਮੰਡੀ ਗੋਬਿੰਦਗੜ੍ਹ ਵਿਚ ਲਗਭਗ 350 ਕਰੋੜ ਦੇ ਫਰਜ਼ੀ ਬਿੱਲਾਂ ਦੇ ਘਪਲੇ ਦੇ ਮਾਮਲੇ ’ਚ ਪੰਜਾਬ ਜੀਐਸਟੀ ਵਿਭਾਗ ਵੱਲੋਂ ਬੀਤੇ ਦਿਨ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਜੀਐਸਟੀ ਵਿਭਾਗ ਨੇ ਕਿੰਗ ਪਿਨ ਸਣੇ ਉਸ ਦੇ ਦੋ ਪੁੱਤਰਾਂ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ੀਆਂ ਦੀ ਪਛਾਣ ਅਭਿਸ਼ੇਕ ਮੋਦਗਿਲ ਅਤੇ ਸਾਹਿਲ ਸ਼ਰਮਾ ਵਜੋਂ ਹੋਈ ਹੈ। ਜ਼ਿਲਾ ਫਤਿਹਗੜ੍ਹ ਸਾਹਿਬ ਦੀ ਏਈਟੀਸੀ ਸੁਨੀਤਾ ਬੱਤਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਜੀਐਸਟੀ ਵਿਭਾਗ ਅਤੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਬਿਨਾਂ ਈ-ਵੇਬਿਲਾਂ ਨਾਲ ਲੋਹਾ ਸਕ੍ਰੈਪ ਵਾਹਨਾਂ ਨੂੰ ਦੋ ਦਿਨਾਂ ਵਿਚ ਕਾਬੂ ਕੀਤਾ ਹੈ। ਇਨ੍ਹਾਂ ਫੜੇ ਗਏ ਲੋਕਾਂ ’ਤੇ ਫਰਜ਼ੀ ਬਿੱਲ ਜਾਰੀ ਕਰਨ ਦਾ ਦੋਸ਼ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਕੀਤੀ ਗਈ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਫਰਮਾਂ ਵੱਲੋਂ ਮਿਲ ਕੇ ਫਰਜ਼ੀ ਬਿੱਲ ਜਾਰੀ ਕਰਕੇ ਵੱਖ-ਵੱਖ ਲੋਹਾ ਫਰਮਾਂ ਨੂੰ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਪਾਸ ਕੀਤਾ ਗਿਆ ਸੀ। ਏਈਟੀਸੀ ਨੇ ਅੱਗੇ ਦੱਸਿਆ ਕਿ ਅਭਿਸ਼ੇਕ ਮੋਦਗਿਲ ਚਾਰ ਫਰਮਾਂ ਏਐਮ ਇੰਟਰਪ੍ਰਾਈਜ਼ਿਜ਼ ਮੰਡੀ ਗੋਬਿੰਦਗੜ੍ਹ, ਐਮਪੀਐਸ ਇੰਟਰਪ੍ਰਾਈਜ਼ਿਜ਼, ਮਹਾਦੇਵ ਮੈਟਲਸ ਚੰਡੀਗੜ੍ਹ ਅਤੇ ਮਨੀ ਮਹੇਸ਼ ਅਲਾਇਜ਼ ਪੰਚਕੂਲਾ ਦਾ ਪ੍ਰੋਪ੍ਰਾਈਟਰ ਹੈ। ਸਾਹਿਲ ਸ਼ਰਮਾ, ਸਾਹਿਲ ਇੰਟਰਪ੍ਰਾਈਜ਼ਿਜ਼ ਦਾ ਪ੍ਰੋਪਰਾਈਟਰ ਹੈ ਤੇ ਏਐਸ ਇੰਟਰਪ੍ਰਾਈਜ਼ਿਜ਼ ਵਿਚ ਹਿੱਸੇਦਾਰ ਹੈ।
ਦੱਸਣਯੋਗ ਹੈ ਕਿ ਬੀਤੀ 12 ਜੂਨ ਨੂੰ ਕੇਂਦਰੀ ਜੀਐਸਟੀ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਲਗਬਗ 47 ਕਰੋੜ ਰੁਪਏ ਦੀ ਜੀਐਸਟੀ ਚੋਰੀ ਕਰਨ ਵਾਲੇ ਕਿੰਗ ਪਿਨ ਗੰਗਾ ਰਾਮ ਸਣੇ ਉਸ ਦੇ ਦੋ ਪੁੱਤਰਾਂ ਅਮਿਤ ਅਤੇ ਵਿਸ਼ੇਸ਼ ਨਿਵਾਸੀ ਅਮਲੋਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਛਾਪੇਮਾਰੀ ਐਡਿਸ਼ਨਲ ਕਮਿਸ਼ਨਰ ਇਨਵੈਸਟੀਗੇਸ਼ਨ ਸ਼ੌਕਟ ਅਹਿਮਦ ਦੀ ਅਗਵਾਈ ਵਿਚ ਕੀਤੀ ਗਈ ਸੀ, ਜਿਸ ਵਿਚ ਲੁਧਿਆਣਾ-ਜਲੰਧਰ ਜੀਐਸਟੀ ਵਿਭਾਗ ਦੀ ਮੋਬਾਈਲ ਵਿੰਗ ਟੀਮਾਂ ਨੇ ਸ਼ਹਿਰ ਵਿਚ ਜੀਐਸਟੀ ਚੋਰੀ ਕਰਨ ਵਾਲੇ ਪੰਜ ਲੋਕਾਂ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ਵਿਚ ਦੋ ਲੋਕ ਫਰਾਰ ਹੋ ਗਏ ਸਨ।