Gurdwara Saragarhi will have : ਫਿਰੋਜ਼ਪੁਰ ਸ਼ਹਿਰ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਵਿਖੇ 1.5 ਕਰੋੜ ਰੁਪਏ ਦੀ ਲਾਗਤ ਨਾਲ ਟੂਰਿਸਟ ਫੈਸਲੀਟੇਸ਼ਨ ਸੈਂਟਰ (ਸੂਚਨਾ ਤੇ ਸਹੂਲਤ ਕੇਂਦਰ) ਬਣਾਇਆ ਜਾ ਰਿਹਾ ਹੈ। ਇਸ ਸਹੂਲਤ ਕੇਂਦਰ ਵਿੱਚ ਪੰਜਾਬ ਦੇ ਵਿਰਸੇ ਦੀ ਜਾਣਕਾਰੀ, ਥੋੜ੍ਹੇ ਸਮੇਂ ਲਈ ਅਰਾਮ, ਖਾਣ ਪੀਣ, ਟੁਆਲਿਟ ਬਲਾਕ ਤੇ ਪਾਰਕਿੰਗ ਆਦਿ ਸਹੂਲਤਾਂ ਉਪਲੱਬਧ ਹੋਣਗੀਆਂ। ਇਹ ਟੂਰਿਸਟ ਫੈਸਲੀਟੇਸ਼ਨ ਸੈਂਟਰ (ਸੂਚਨਾ ਤੇ ਸਹੂਲਤ ਕੇਂਦਰ) 2021 ਤੱਕ ਬਣ ਕੇ ਤਿਆਰ ਹੋ ਜਾਵੇਗਾ
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਨੂੰ ਟੂਰਿਸਟ ਫੈਸਲੀਟੇਸ਼ਨ ਸੈਂਟਰ ਦੀ ਬਿਲਡਿੰਗ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਮੌਕੇ ਟੱਕ ਲਗਾਉਣ ਮੌਕੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਿਆਰ ਹੋਣ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਣ, ਇਹ ਸਮੇਂ ਦੀ ਲੋੜ ਹੈ। ਇਸੇ ਦੇ ਮੱਦੇਨਜ਼ਰ ਅੱਜ ਟੂਰਿਸਟ ਫੈਸਲੀਟੇਸ਼ਨ ਸੈਂਟਰ ਦੀ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ । ਇਸ ਫੈਸਲੀਟੇਸ਼ਨ ਸੈਂਟਰ ਵਿੱਚ ਪਾਰਕ ਅਤੇ ਸੁੰਦਰੀਕਰਨ ਦੇ ਕਈ ਕੰਮ ਕੀਤੇ ਜਾਣਗੇ ਤਾਂ ਜੋ ਇਹ ਸਥਲ ਵੀ ਇੱਕ ਵਿਸ਼ਾਲ ਸੈਰ-ਸਪਾਟਾ ਸਥਾਨ ਵਜੋਂ ਉਭਰ ਸਕੇ। ਇਸ ਟੂਰਿਸਟ ਫੈਸਲੀਟੇਸ਼ਨ ਸੈਂਟਰ ਬਣਨ ਦੇ ਨਾਲ ਇਨ੍ਹਾਂ ਬਹਾਦਰ ਸਿੱਖਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਪਤਾ ਲੱਗੇਗਾ।
ਸਾਰਾਗੜ੍ਹੀ ਮੈਮੋਰੀਅਲ ਕੰਪਲੈਕਸ ਦੀ ਸਥਾਪਨਾ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਵਿੱਚ ਹੋਈ ਬ੍ਰਿਟਿਸ਼ ਫੌਜ ਦੇ ਸਿੱਖ ਸੈਨਿਕਾਂ ਅਤੇ ਅਫ਼ਗਾਨ ਕਬੀਲਿਆਂ ਦਰਮਿਆਨ ਹੋਈ ਭਿਆਨਕ ਲੜਾਈ ਵਿਚ 21 ਸਿੱਖ ਜਵਾਨਾਂ ਦੁਆਰਾ ਦਰਸਾਈ ਗਈ ਸ਼ਕਤੀ ਅਤੇ ਬਹਾਦਰੀ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ 6.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਦੋਵੇਂ ਥਾਵਾਂ ਸੁੰਦਰੀਕਰਨ ਤੇ ਸੈਰ-ਸਪਾਟਾ ਸਥਾਨਾਂ ਵਜੋਂ ਉੱਭਰ ਕੇ ਸਾਹਮਣੇ ਆਉਣਗੀਆਂ।