Handicaps will now be given : ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੀ ਹਰ ਯੋਜਨਾ ਵਿੱਚ ਦਿਵਿਆਂਗਾਂ ਨੂੰ ਪੰਜ ਫੀਸਦੀ ਕੋਟਾ ਮਿਲੇਗਾ। ਹਾਊਸਿੰਗ ਬੋਰਡ ਵੱਲੋਂ ਬੁੱਧਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਕੋਟਾ ਤਿੰਨ ਫੀਸਦੀ ਸੀ, ਜਿਸ ਨੂੰ ਹੁਣ ਵਧਾ ਕੇ ਪੰਜ ਫੀਸਦੀ ਕਰ ਦਿੱਤਾ ਗਿਆ ਹੈ।
ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ ਨਾਲ ਹੀ ਇਹ ਹੁਕਮ ਤੁਰੰਤ ਪ੍ਰਭਾਵਨ ਨਾਲ ਲਾਗੂ ਹੋ ਗਿਆ ਹੈ। ਬੋਰਡ ਨੇ ਮਾਰਚ ਮਹੀਨੇ ਦੀ ਬੈਠਕ ਵਿੱਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ ਹੀ ਹੁਣ ਇਸ ਦੀ ਨੋਟੀਫਿਕੇਸ਼ਨ ਹੋਈ ਹੈ। ਇਸ ਤੋਂ ਪਹਿਲਾਂ ਹੀ ਕਈ ਵਾਰ ਇਸ ਮਤੇ ਨੂੰ ਬੈਠਕ ਵਿੱਚ ਰੱਖਣ ਦਾ ਫੈਸਲਾ ਲਿਆ ਗਿਆ ਸੀ, ਪਰ ਇਹ ਸਿਰੇ ਨਹੀਂ ਚੜ੍ਹ ਸਕਿਆ ਸੀ। ਹਾਊਸਿੰਗ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀਆਂ ਸਾਰੀਆਂ ਸਕੀਮਾਂ ਵਿੱਚ ਦਿਵਿਆਂਗਾਂ ਦਾ ਕੋਟਾ ਤਿੰਨ ਫੀਸਦੀ ਸੀ, ਪਰ ਹੁਣ ਇਸ ਨੂੰ ਪੰਜ ਫੀਸਦੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ। ਹਾਈਕੋਰਟ ਨੇ ਦਿਵਿਆਂਗਾਂ ਲਈ ਕੋਟੇ ਵਧਾਉਣ ਦੇ ਹੁਕਮ ਦਿੱਤੇ ਹਨ।