Harsimrat Badal lashes out : ਸੂਬੇ ਵਿਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ’ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਪੂਰੇ ਦੇਸ਼ ਵਿਚੋਂ ਪੰਜਾਬ ਵਿਚ ਕਾਂਗਰਸ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ’ਤੇ ਵਿਚੋਂ ਸਭ ਤੋਂ ਵਧ ਵੈਟ ਵਸੂਲਿਆ ਜਾ ਰਿਹਾ ਹੈ ਇਸ ਲਈ ਪਹਿਲਾਂ ਸੂਬਾ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰੇ, ਕੇਂਦਰ ਤੋਂ ਅਸੀਂ ਬਾਅਦ ਵਿਚ ਘੱਟ ਕਰਵਾ ਲਵਾਂਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤ ਦਸ ਰੁਪਏ ਘਟਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਗੱਲਾਂ ਖੇਤੀ ਆਰਡੀਨੈਂਸ ਵਿਚ ਲਿਖੀਆਂ ਹਨ ਉਹ ਸਾਰੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਪੰਜਾਬ ਵਿਚ ਲਾਗੂ ਕਰ ਦਿੱਤੀਆਂ ਸਨ। ਜਦੋਂ ਉਨ੍ਹਾਂ ਨੇ ਲਾਗੂ ਕੀਤਾ ਤਾਂ ਉਹ ਸਹੀ ਸੀ, ਪਰ ਜਦੋਂ ਕੇਂਦਰ ਕਰ ਰਿਹਾ ਹੈ ਤਾਂ ਉਹ ਗਲਤ ਹੋ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਬੀਜ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ, ਭੂ ਮਾਫੀਆ, ਬਿਜਲੀ ਮਾਫੀਆ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਕੋਈ ਅਜਿਹਾ ਘਪਲਾ ਨਹੀਂ ਜੋ ਕੈਪਟਨ ਸਰਕਾਰ ਨੇ ਨਹੀਂ ਕੀਤਾ।
ਬੀਬਾ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਚੋਣਾਂ ਤੋਂ ਪਹਿਲਾਂ 60 ਮਹੀਨੇ ਵਿਚ 60 ਨਵੀਆਂ ਇੰਡਸਟਰੀਆਂ ਲਿਆਉਣ ਲਈ ਕਿਹਾ ਸੀ। ਮੋਟਰਸਾਈਕਲ ਤੋਂ ਲੈ ਕੇ ਕਾਰ ਤੱਕ ਦੀ ਇੰਡਸਟਰੀ ਲਿਆਉਣ ਦੇ ਦਾਅਵੇ ਤੇਵਾਅਦੇ ਕੀਤੇ ਸਨ ਪਰ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਬਠਿੰਡਾ ਤਾਂ ਕੀ ਪੂਰੇ ਪੰਜਾਬ ਵਿਚ ਜੇਕਰ ਕੋਈ ਇੰਡਸਟਰੀ ਲਿਆਈ ਹੋਵੇ ਤਾਂ ਦੱਸਣ। ਉਨ੍ਹਾਂ ਅੱਗੇ ਕਿਹਾ ਕਿ ਇੰਡਸਟਰੀ ਲਿਆਉਣੀ ਤਾਂ ਦੂਰ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਠਿੰਡਾ ਥਰਮਲ ਪਲਾਂਟ ਨੂੰ ਹੀ ਬੰਦ ਕਰ ਦਿੱਤਾ, ਹੁਣ ਉਸ ਦੀ ਜ਼ਮੀਨ ਵੇਚਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਰਸਿਮਰਤ ਨੇ ਕਿਹਾ ਕਿ ਜੇਕਰ ਕੋਈ ਇੰਡਸਟਰੀ ਲਿਆਉਣੀ ਚਾਹੁੰਦੇ ਹੋ ਤਾਂ ਫੋਕਲ ਪੁਆਇੰਟ ਖਾਲੀ ਪਏ ਹਨ, ਉਥੇ ਲੈ ਕੇ ਆਓ।