Health Minister handed over Appointment letter : ਚੰਡੀਗੜ੍ਹ : ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 19 ਯੂਨਾਨੀ ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਵੀ ਆਯੁਰਵੈਦਿਕ ਵਿਭਾਗ ਪੰਜਾਬ ਵਿਚ 104 ਆਯੁਰਵੈਦਿਕ ਮੈਡੀਕਲ ਅਫਸਰਾਂ ਨੂੰ ਭਰਤੀ ਕੀਤਾ ਗਿਆ ਸੀ ਜਿਨ੍ਹਾਂ ਰਾਹੀਂ ਕੋਵਿਡ-19 ਨੂੰ ਕਾਬੂ ਕਰਨ ਲਈ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖਾਲੀ ਰਹਿ ਗਏ 90 ਆਯੁਰਵੈਦਿਕ ਮੈਡੀਕਲ ਅਫਸਰਾਂ ਦੇ ਅਹੁਦੇ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਵਿਭਾਗ ਵਿਚ ਠੇਕੇ ਦੇ ਆਧਾਰ ‘ਤੇ 17 ਆਯੁਰਵੈਦਿਕ ਮੈਡੀਕਲ ਅਫਸਰ, 10 ਮਸਾਂਜਰ, 5 ਕਸਾਰ ਸੂਤਰ ਅਟੈਂਡੈਂਟ ਅਤੇ 5 ਇਸਤਰੀ ਰੋਗ ਅਟੈਂਡੈਂਟ ਨੂੰ ਭਰਤੀ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਛੇਤੀ ਹੀ ਨਿਯਕੁਤੀ ਪੱਤਰ ਜਾਰੀ ਕੀਤੇ ਜਾਣਗੇ।
ਸਿਹਤ ਮੰਤਰੀ ਨੇ ਕਿਹਾ ਕਿ ਨੈਸ਼ਨਲ ਆਯੁਸ਼ ਮਿਸ਼ਨ ਸਕੀਮ ਅਧੀਨ ਦੋ ਜ਼ਿਲ੍ਹਿਆਂ ਵਿਚ 50 ਬਿਸਤਰਿਆਂ ਵਾਲੇ ਨਵੇਂ ਆਯੁਸ਼ ਹਸਪਤਾਲ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਸਪਤਾਲਾਂ ਵਿਚ ਆਯੁਰਵੇਦ, ਯੂਨਾਨੀ, ਯੋਗ ਅਤੇ ਨੈਚਰੋਪੈਥੀ ਅਤੇ ਹੋਮਿਓਪੈਥੀ ਪ੍ਰਣਾਲੀਆਂ ਦੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਦਿਆਲਪੁਰਾ ਸੋਢੀਆ, ਜ਼ੀਰਕਪੁਰ, ਮੋਹਾਲੀ ਅਤੇ ਪਿੰਡ ਦੁਨੀਕੇ, ਮੋਗਾ ਵਿਚ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਣਗੇ ਅਤੇ ਸੂਬੇ ਦੇ ਲੋਕਾਂ ਨੂੰ ਆਯੁਸ਼ ਪ੍ਰਣਾਲੀ ਦੇ ਵੱਲੋਂ ਇਨ੍ਹਾਂ ਵਿਚ ਮੁਫਤ ਸਿਹਤ ਸਹੂਲਤਾਂ ਅਤੇ ਸੱਭਿਅਕ ਢੰਗ ਨਾਲ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਹੈਲਥ ਵੈੱਲਫੇਅਰ ਸੈਂਟਰਾਂ ਵਿਚ 117 ਪਾਰਟ ਟਾਈਮ ਯੋਗ ਇੰਸਟਰੱਕਟਰ ਵੀ ਰਖੇ ਜਾਣਗੇ।