Heat relief in Punjab : ਪੰਜਾਬ ਵਿਚ ਹੁੰਮਸ ਭਰੀ ਗਰਮੀ ਨਾਲ ਬੇਹਾਲ ਹੋਏ ਲੋਕਾਂ ਲਈ ਰਾਹਤ ਭਰੀ ਖਬਰ ਹੈ ਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।ਅਗਲੇ 48 ਤੋਂ 72 ਘੰਟਿਆ ਦੌਰਾਨ ਸਰਗਰਮ ਮਾਨਸੂਨ ਦੌਰਾਨ 5 ਅਤੇ 6 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੌਰਾਨ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ਤੱਕ ਤੇਜ਼ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਏਗੀ ਅਤੇ ਗਰਮੀ ਤੋਂ ਰਾਹਤ ਮਿਲੇਗੀ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਹਾ ਕਿ ਕਈ ਥਾਵਾਂ ’ਤੇ ਅਗਲੇ 72 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਉੱਤਰ ਦੱਖਣੀ ਹਿੱਸਿਆਂ ਜਿਵੇਂਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਇਸ ਦੇ ਨਾਲ ਲੱਗਦੇ ਹਿੱਸਿਆਂ ਵਿਚ ਹਲਕਾ ਮੀਂਹ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਸੂਬੇ ਵਿਚ ਪਸੀਨੇ ਭਰੀ ਗਰਮੀ ਨਾਲ ਲੋਕ ਤਰ-ਬ-ਤਰ ਹੋ ਰਹੇ ਹਨ। ਹਾਲਾਂਕਿ ਅੱਜ ਮੌਸਮ ਵਿਚ ਕੁਝ ਤਬਦੀਲੀ ਮਹਿਸੂਸ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 42.3, ਅੰਮ੍ਰਿਤਸਰ ਵਿਚ 41.4, ਜਲੰਧਰ ਵਿਚ 40, ਲੁਧਿਆਣਾ ਵਿਚ 41.7, ਪਟਿਆਲਾ ਵਿਚ 41.3 ਤੇ ਫਿਰੋਜ਼ਪੁਰ ਵਿਚ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।