Heavy rains alert issued : ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਲੈਂਡਸਲਾਈਡਿੰਗ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਦੀਆਂ 179 ਸੜਕਾਂ ਬੰਦ ਹਨ। ਲਗਾਤਾਰ ਹੋ ਰਹੀ ਬਾਰਿਸ਼ ਨਾਲ ਸੂਬੇ ਦੀਆਂ ਮੁੱਖ ਨਦੀਆਂ ਸਤਲੁਜ ਅਤੇ ਬਿਆਸ ਨਦੀਆਂ ਉਫਾਨ ’ਤੇ ਹਨ। ਮੌਸਮ ਵਿਭਾਗ ਨੇ ਸੂਬੇ ਦੇ ਮੈਦਾਨੀ ਤੇ ਮੱਧਵਰਤੀ ਖੇਤਰਾਂ ਵਿਚ ਅਗਲੇ ਤਿੰਨ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਲੈਂਡਸਲਾਈਡਿੰਗ ਨਾਲ ਮੰਡੀ ਵਿਚ 134, ਸ਼ਿਮਲਾ ਜ਼ੋਨ ਵਿਚ 21, ਹਮੀਰਪੁਰ ਵਿਚ 18 ਤੇ ਕਾਂਗੜਾ ਜ਼ੋਨ ਵਿਚ 6 ਸੜਕਾਂ ਬੰਦ ਹਨ। ਲੋਕ ਨਿਰਮਾਣ ਵੱਲੋਂ ਸੜਕਾਂ ਦੀ ਬਹਾਲੀ ਲਈ 194 ਜੇਸੀਬੀ, 56 ਟਿੱਪਰ ਅਤੇ 14 ਡੋਜ਼ਰ ਇਸਤੇਮਾਲ ਵਿਚ ਲਾਏ ਜਾ ਰਹੇ ਹਨ। ਵਿਭਾਗ ਦਾ ਦਾਅਵਾ ਹੈ ਕਿ ਜੇਕਰ ਮੌਸਮ ਸਾਫ ਰਿਹਾ ਤਾਂ 24 ਘੰਟਿਆਂ ਦੇ ਅੰਦਰ 150 ਬੰਦ ਸੜਕਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਮੌਸਮ ਵਿਭਾਗ ਮੁਤਾਬਕ ਸੂਬੇ ਵਿਚ ਮੀਂਹ ਦਾ ਦੌਰ 20 ਅਗਸਤ ਤੱਕ ਜਾਰੀ ਰਹਿ ਸਕਦਾ ਹੈ। ਇਸ ਵਿਚ ਲਾਹੌਲ-ਸਪੀਤਿ ਅਤੇ ਕਿੰਨੌਰ ਨੂੰ ਛੱਡ ਕੇ ਹੋਰ 10 ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਵੇਗੀ।
ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਗੱਗਲ ਵਿਚ ਸਭ ਤੋਂ ਵੱਧ 127 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ। ਨਾਹਨ ਵਿਚ 83, ਨਗਰੋਟਾ ਸੂਰਿਆਂ ਵਿਚ 71, ਗੁਲੇਰ ਵਿਚ 62, ਜੋਗੇਂਦਰਨਗਰ ਵਿਚ 56, ਨੈਣਾ ਦੇਵੀ ਵਿਚ 47, ਘੁਮਰੂਰ ਵਿਚ 42, ਪਾਂਵਟਾ ਸਾਹਿਬ ਵਿਚ 39, ਨੂਰਪੁਰ ਵਿਚ 35, ਧਰਮਸ਼ਾਲਾ ਵਿਚ 34, ਬੰਗਾਣਆ ਤੇ ਪੰਡੋਹ ਵਿਚ 15, ਬੈਜਨਾਥ ਤੇ ਮੈਹਰੇ ਵਿਚ 14, ਰੇਣੁਕਾ ਵਿਚ 11 ਅਤੇ ਮੰਡੀ, ਪਾਲਮਪੁਰ ਤੇ ਛਤਰਾੜੀ ਵਿਚ 10 ਮਿਮੀ ਬਾਰਿਸ਼ ਹੋਈ ਹੈ। ਸੋਮਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਿਕਾਰਡ ਗਿਆ ਹੈ। ਸੁੰਦਰਨਗਰ ਦਾ 31, ਭੂੰਤਰ ਦਾ 34, ਧਰਮਸ਼ਾਲਾ ਦਾ 26, ਊਨਾ ਦਾ 29, ਮੰਡੀ ਦਾ 30, ਬਿਲਾਸਪੁਰ ਦਾ 32, ਹਮੀਰਪੁਰ ਦਾ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਇਕ ਹਫਤੇ ਤੱਕ ਸੂਬੇ ਵਿਚ ਮਾਨਸੂਨ ਦੇ ਇਸੇ ਤਰ੍ਹਾਂ ਸਰਗਰਮ ਰਹਿਣ ਦੀ ਸੰਭਾਵਨਾ ਹੈ।