Hospital did not admit the patient : ਜਲੰਧਰ ’ਚ ਫੁਟਬਾਲ ਚੌਕ ਨੇੜੇ ਸਥਿਤ ਨਿੱਜੀ ਹਸਪਤਾਲ ਵੱਲੋਂ ਮਰੀਜ਼ ਨੂੰ ਦਾਖਲ ਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਢਾਈ ਘੰਟੇ ਤੱਕ ਹਸਪਤਾਲ ਦੇ ਬਾਹਰ ਮਰੀਜ਼ ਨੂੰ ਐਂਬੂਲੈਂਸ ਵਿਚ ਹੀ ਰਖਿਆ ਗਿਆ, ਜਿਥੇ ਇਲਾਜ ਨਾ ਮਿਲਣ ’ਤੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸੇ ਹਸਪਤਾਲ ਵਿਚ ਮਰੀਜ਼ ਦਾ ਪਹਿਲਾਂ ਇਲਾਜ ਹੋਇਆ ਸੀ ਹਸਪਤਾਲ ਵਾਲਿਆਂ ਨੇ ਮਰੀਜ਼ ਦੇ ਪਰਿਵਾਰ ਵਾਲਿਆਂ ਤੋਂ ਇਲਾਜ ਵਜੋਂ 12 ਲੱਖ ਰੁਪਏ ਵੀ ਵਸੂਲੇ ਤੇ ਦੋ ਦਿਨ ਪਹਿਲਾਂ ਉਸ ਨੂੰ ਹਸਪਤਾਲੋਂ ਘਰ ਭੇਜ ਦਿੱਤਾ। ਉਸ ਦੀ ਹਾਲਤ ਖਰਾਬ ਹੋਣ ’ਤੇ ਪਰਿਵਾਰ ਵਾਲੇ ਦੋ ਦਿਨ ਬਾਅਦ ਉਸ ਨੂੰ ਦੁਬਾਰਾ ਉਸ ਹਸਪਤਾਲ ਲਿਆਏ ਤਾਂ ਹਸਪਤਾਲ ਵਾਲਿਆਂ ਨੇ ਮਰੀਜ਼ ਨੂੰ ਦਾਖਿਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਮਰੀਜ਼ ਦੀ ਐਂਬੂਲੈਂਸ ਵਿਚ ਹੀ ਮੌਤ ਹੋ ਗਈ, ਜਿਸ ਦੇ ਚੱਲਦਿਆਂ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਬਾਹਰ ਜ਼ਮੀਨ ’ਤੇ ਬੈਠ ਕੇ ਬੀਤੇ ਦਿਨ ਰੋਸ ਮੁਜ਼ਾਹਰਾ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਮੱਲੀਵਾਲ ਦੇ ਰਹਿਣ ਵਾਲੇ ਜਗਜੀਤ ਸਿੰਘ ਅਤੇ ਉਸ ਦੇ ਪਿਤਾ ਸਤਪਾਲ ਦਾ 12 ਅਪ੍ਰੈਲ ਨੂੰ ਐਕਸੀਡੈਂਟ ਹੋਇਆ ਸੀ। ਇਸ ਵਿਚ ਸਤਪਾਲ ਦੀ ਮੌਤ ਹੋਗਈ ਸੀ, ਜਦਕਿ ਜਗਜੀਤ ਸਿੰਘ ਦੇ ਸਿਰ ’ਤੇ ਡੂੰਗੀ ਸੱਟ ਵੱਜੀ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਫੁਟਬਾਲ ਚੌਂਕ ਸਥਿਤ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ, ਜਿਥੇ ਦੋ ਮਹੀਨੇ ਤੱਕ ਉਸ ਦਾ ਇਲਾਜ ਚੱਲਿਆ ਅਤੇ ਡਾਕਟਰਾਂ ਨੇ ਇਲਾਜ ਤੋਂ ਬਾਅਦ 12 ਲੱਖ ਰੁਪਏ ਪਰਿਵਾਰ ਵਾਲਿਆਂ ਤੋਂ ਬਿੱਲ ਵਜੋਂ ਵਸੂਲੇ। ਜਗਜੀਤ ਸਿੰਘ ਦੇ ਪਰਿਵਾਰ ਵਾਲੇ ਕੁਲਵੰਤ ਕੌਰ, ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਅਤੇ ਲਖਬੀਰ ਸਿੰਘ ਦਾ ਦੋਸ਼ ਹੈ ਕਿ 12 ਅਪ੍ਰੈਲ ਨੂੰ ਜਗਜੀਤ ਨੂੰ ਅਰਮਾਨ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਕਿਹਾ ਸੀ ਕਿ ਇਲਾਜ ਤੋਂ ਬਾਅਦ ਜਗਜੀਤ ਠੀਕ ਹੋ ਜਾਏਗਾ।
ਉਨ੍ਹਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ 12 ਲੱਖ ਰੁਪਏ ਲੈ ਕੇ ਵੀ ਜਗਜੀਤ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਅਤੇ ਦੋ ਦਿਨ ਪਹਿਲਾਂ ਕਿਹਾ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਵਿਚ ਸ਼ਿਫਟ ਕਰ ਦਿਓ। ਜਦੋਂ ਉਹ ਜਗਜੀਤ ਨੂੰ ਲੈ ਕੇ ਦੂਸਰੇ ਹਸਪਤਾਲ ਵਿਚ ਗਏ ਤਾਂ ਉਥੇ ਦੇਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਸੀਰੀਅਸ ਤੇ ਕਾਫੀ ਦੇਰ ਹੋ ਚੁੱਕੀ ਹੈ। ਜਗਜੀਤ ਦੇ ਪਰਿਵਾਰਕ ਮੈਂਬਰ ਉਸ ਨੂੰ ਦੁਬਾਰਾ ਅਰਮਾਨ ਹਸਪਤਾਲ ਲਿਆਏ ਤਾਂ ਹਸਪਤਾਲ ਵਾਲਿਆਂ ਨੇ ਉਸ ਨੂੰ ਦਾਖਿਲ ਨਹੀਂ ਕੀਤਾ ਅਤੇ ਢਾਈ ਘੰਟੇ ਐਂਬੂਲੈਂਸ ਵਿਚ ਹੀ ਪਿਆ ਰਿਹਾ, ਜਿਥੇ ਉਸ ਦੀ ਮੌਤ ਹੋ ਗਈ।