In Mohali farmers : ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਤਹਿਤ ਕਿਸਾਨ ਸੰਗਠਨਾਂ ਵੱਲੋਂ ਭਾਜਪਾ ਆਗੂਆਂ ਦਾ ਘੇਰਾਓ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਮੋਹਾਲੀ ਦੇ ਸੈਕਟਰ 71 ਵਿੱਚ ਸਾਹਮਣੇ ਆਇਆ ਜਿਥੇ ਕਿਸਾਨਾਂ ਨੇ ਭਾਜਪਾ ਆਗੂ ਦਾ ਘਿਰਾਓ ਕਰਕੇ ਉਸ ਵਿਰੁੱਧ ਨਾਅਰੇਬਾਜ਼ੀ ਕੀਤੀ। ਮੋਹਾਲੀ ਦੇ ਸੈਕਟਰ-71 ਵਿਖੇ ਭਾਜਪਾ ਸੰਘ ਦੇ ਆਗੂ ਬਨਵੀਰ ਦਾ ਪ੍ਰੋਗਰਾਮ ਸੀ। ਕਿਸਾਨ ਸੰਗਠਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਿਰੋਧ ਕਰਦੇ ਹੋਏ ਉਥੇ ਪਹੁੰਚ ਗਏ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਨੇ ਆਪਣਾ ਪ੍ਰੋਗਰਾਮ ਸੈਕਟਰ-71 ਵਿੱਚ ਰੱਦ ਕਰ ਦਿੱਤਾ। ਕਿਸਾਨ ਅਜੇ ਵੀ ਸੈਕਟਰ-71 ਵਿੱਚ ਇਕੱਠੇ ਹੋ ਰਹੇ ਹਨ ਅਤੇ ਨਾਅਰੇਬਾਜ਼ੀ ਕਰ ਰਹੇ ਹਨ।
ਕਿਸਾਨਾਂ ਵੱਲੋਂ ਭਾਜਪਾ ਦੇ ਆਰ. ਐੱਸ.ਐੱਸ. ਦੇ ਲੀਡਰ ਬਨਵੀਰ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤਾਂ ਜੋ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਵਿਖੇ ਵੀ ਕਿਸਾਨਾਂ ਨੇ ਭਾਜਪਾ ਆਗੂ ਸੋਮਪ੍ਰਕਾਸ਼ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਸੀ ਅਤੇ ਪੁਖਤਾ ਪੁਲਿਸ ਪ੍ਰਬੰਧ ਹੋਣ ਕਾਰਨ ਮਸਾਂ ਹੀ ਭਾਜਪਾ ਆਗੂ ਨੂੰ ਕਿਸਾਨਾਂ ਕੋਲੋਂ ਬਚਾਇਆ ਗਿਆ ਸੀ।
ਪੰਜਾਬ ਵਿੱਚ ਭਾਜਪਾ ਆਗੂਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਅਜਿਹੇ ਵਿਰੋਧ ਪਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਆਗੂਆਂ ਨੂੰ ਜਾਂ ਤਾਂ ਘਰ ਦੇ ਅੰਦਰ ਹੀ ਰਹਿਣ ਲਈ ਜਾਂ ਆਪਣੀ ਮੁਹਿੰਮ ਨੂੰ ਲੋ-ਪਰ ਫਾਈਲ ਰੱਖਣ ਲਈ ਮਜਬੂਰ ਹੋਣਾ ਪਿਆ ਹੈ ਤਾਂ ਜੋ ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਤੋਂ ਬਚਿਆ ਜਾਏ ਜੋ ਉੱਥੇ ਪਹਿਲਾਂ ਹੀ ਪਹੁੰਚ ਜਾਂਦੇ ਹਨ ਜਿੱਥੇ ਵੀ ਭਾਜਪਾ ਆਗੂ ਜਾਂਦੇ ਹਨ। ਆਰਡੀਨੈਂਸ ਸਤੰਬਰ ਵਿੱਚ ਕਾਨੂੰਨਾਂ ਵਿੱਚ ਬਦਲ ਗਏ ਅਤੇ ਦਿੱਲੀ ਕਿਸਾਨੀ ਅੰਦੋਲਨ ਦਾ ਕੇਂਦਰ ਬਣ ਗਈ। ਪੰਜਾਬ ਵਿੱਚ ਪਾਰਟੀ ਆਗੂਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤੇਜ਼ ਹੋਇਆ ਹੈ। ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਜਦੋਂ ਤੋਂ ਪਿਛਲੇ ਸਾਲ ਜੂਨ ਵਿਚ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਸਨ ਉਦੋਂ ਤੋਂ ਹੀ ਕਿਸਾਨਾਂ ਨੇ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।