Inclusion of Biological mother name : ਚੰਡੀਗੜ੍ਹ: ਹੁਣ ਪਾਸਪੋਰਟ ਵਿੱਚ ਬਾਇਲੌਜੀਕਲ ਮਾਂ (ਜਨਮ ਦੇਣ ਵਾਲੀ ਮਾਂ) ਦਾ ਨਾਂ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਪਾਸਪੋਰਟ ਵਿਚ ਜਨਮ ਦੇਣ ਵਾਲੀ ਮਾਂ ਦੇ ਨਾਂ ਦਾ ਜ਼ਿਕਰ ਹੋਣਾ ਕਿਸੇ ਵੀ ਧਿਰ ਨਾਲ ਕੋਈ ਪੱਖਪਾਤ ਨਹੀਂ ਹੈ। ਇਹ ਫੈਸਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਣਾਇਆ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਪਾਸਪੋਰਟ ਲਈ ਦਿੱਤੀਆਂ ਗੀਆਂ ਹਿਦਾਇਤਾਂ ਤੇ ਤਬਦੀਲੀਆਂ ਅਗਲੇ ਪੜਾਅ ‘ਤੇ ਪਾਸਪੋਰਟ ਵਿੱਚ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਿਆਦ ਪੂਰੀ ਹੋਣ ਤੋਂ ਬਾਅਦ ਪਾਸਪੋਰਟ ਲਈ ਅਰਜ਼ੀ ਦੇਣ ਵੇਲੇ ਵੇਰਵਿਆਂ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ਵਿਚ ਕਿਹਾ ਸੀ ਕਿ ਉਸ ਮਾਂ ਦੀ ਦੀ ਮਈ 2002 ‘ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ। ਉਸ ਨੂੰ ਜੁਲਾਈ 2004 ਵਿੱਚ ਪਾਸਪੋਰਟ ਜਾਰੀ ਕੀਤਾ ਗਿਆ ਸੀ। ਉਸ ਦੇ ਪਿਤਾ ਨੇ ਇਸ ਪਾਰਟੋਰਟ ਲਈ ਅਰਜ਼ੀ ਦੇਣ ਦੌਰਾਨ ਉਸ ਦੀ ਮਤਰੇਈ ਮਾਂ ਦਾ ਨਾਂ ਇਸ ਵਿਚ ਦਰਜ ਕਰਵਾਇਆ ਸੀ, ਜਦਕਿ ਉਸ ਦੇ ਜਨਮ ਸਰਟੀਫਿਕੇਸ, ਸਿੱਖਿਅਕ ਸਰਟੀਫਿਕੇਟ ਤੇ ਆਧਾਰ ਕਾਰਡ ’ਤੇ ਉਸ ਦੀ ਜਨਮ ਦੇਣ ਵਾਲੀ ਮਾਂ ਦਾ ਨਾਂ ਹੈ। ਇਸ ਨਾਲ ਉਸ ਨੂੰ ਵਿਦੇਸ਼ੀ ਯਾਤਰਾ ਦੌਰਾਨ ਜਾਂ ਫਿਰ ਵਿਦੇਸ਼ ਵਿਚ ਪੜ੍ਹਾਈ ਦੌਰਾਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਪਟੀਸ਼ਨਕਰਤਾ ਨੇ ਅਰਜ਼ੀ ਵਿਚ ਆਪਣੀ ਮਤਰੇਈ ਮਾਂ ਦੀ ਬਜਾਏ ਸਿਰਫ ਉਸ ਨੂੰ ਜਨਮ ਦੇਣ ਵਾਲੀ ਮਾਂ ਦਾ ਨਾਂ ਸ਼ਾਮਲ ਕਰਨ ਦੀ ਮੰਗ ਕੀਤੀ ਸੀ।
ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਦੇ ਜਸਟਿਸ ਬੀਐਸ ਵਾਲੀਆ ਨੇ ਖੇਤਰੀ ਪਾਸਪੋਰਟ ਅਫਸਰ ਨੂੰ ਬਿਨੈਕਾਰ ਦੀ ਬੇਨਤੀ ‘ਤੇ ਕਾਰਵਾਈ ਕਰਨ ਅਤੇ ਉਸ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦੀਆਂ ਹਿਦਾਇਤਾਂ ਦਿੱਤੀਆਂ, ਜਿਸ ‘ਚ ਉਸ ਦੀ ਮਤਰੇਈ ਮਾਂ ਦੀ ਥਾਂ ਉਸ ਦੀ ਅਸਲ ਮਾਂ ਦਾ ਨਾਂ ਜਾਰੀ ਕੀਤਾ ਹੋਵੇ। ਅਦਾਲਤ ਵੱਲੋਂ ਹੁਕਮ ਦੀ ਪਾਲਣਾ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।