Instructions issued to GNDH : ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੋਈ ਕੋਰੋਨਾ ਪੀੜਤ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਲਈ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਸ ਵਿਚ ਹਸਪਤਾਲ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਦੀ ਦੇਹ ਨੂੰ ਕਵਰ ਕਰਨ ਤੋਂ ਬਾਅਦ ਉਸ ਦਾ ਚਿਹਰਾ ਅਤੇ ਟੈਗ ਦੀ ਕੈਮਰੇ ਰਾਹੀਂ ਫੋਟੋ ਖਿੱਚੀ ਜਾਵੇਗੀ। ਫਿਰ ਇਸ ਫੋਟੋ ਨੂੰ ਬਾਕਾਇਦਾ ਕੰਪਿਊਟਰ ਵਿਚ ਸੇਵ ਰਖਿਆ ਜਾਵੇਗਾ ਤਾਂਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਗਲਤੀ ਹੋਣ ਦੀ ਕੋਈ ਗੁੰਜਾਇਸ਼ ਨਾ ਹੋਵੇ।
ਮੈਡੀਕਲ ਸੁਪਰਡੈਂਟ (ਐਮਐਸ) ਡਾ. ਰਮਨ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਸ਼ ਨੂੰ ਮੋਰਚਰੀ ਅਤੇ ਸਬੰਧਤ ਜ਼ਿਲੇ ਤੱਕ ਭੇਜਣ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਕੋਰੋਨਾ ਮਰੀਜ਼ ਦੀ ਮੌਤ ਹੋਣ ’ਤੇ ਆਈਸੋਲੇਸ਼ਨ ਵਾਰਡ ਵਿਚ ਡਿਊਟੀ ’ਤੇ ਤਾਇਨਾਤ ਡਾਕਟਰ ਇਹ ਜਾਣਕਾਰੀ ਕੋਰੋਨਾ ਨੋਡਲ ਅਫਸਰ ਨੂੰ ਦੇਵੇਗਾ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ। ਲਾਸ਼ ’ਤੇ ਲੱਗੇ ਮੈਡੀਕਲ ਉਪਕਰਨਾਂ ਨੂੰ ਸੈਨੀਟਾਈਜ਼ ਕਰਨ ਦਾ ਕੰਮ ਨਰਸਿੰਗ ਸਟਾਫ ਵੱਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਦਰਜਾ ਚਾਰ ਕਰਮਚਾਰੀ ਲਾਸ਼ ਨੂੰ ਸੈਨੇਟਾਈਜ਼ ਕਰੇਗਾ। ਫਿਰ ਲਾਸ਼ ਨੂੰ ਨਰਸਿੰਗ ਸਟਾਫ ਅਤੇ ਦਰਜਾ ਚਾਰ ਕਰਮਚਾਰੀ ਪੈਕ ਕਰਨਗੇ।
ਲਾਸ਼ ’ਤੇ ਲੱਗਣ ਵਾਲਾ ਟੈਗ ਸਟਾਫ ਨਰਸ ਵੱਲੋਂ ਬਣਾਇਆ ਜਾਵੇਗਾ ਅਤੇ ਦਰਜਾ ਚਾਰ ਕਰਮਚਾਰੀ ਇਸ ਨੂੰ ਕਵਰ ’ਤੇ ਚਿਪਕਾਏਗਾ। ਲਾਸ਼ ਦੀ ਪੈਕਿੰਗ ਅਤੇ ਟੈਗਿੰਗ ਤੋਂ ਬਾਅਦ ਇਸ ਨੂੰ ਮੁੜ ਸੈਨੀਟਾਈਜ਼ ਕੀਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਡਿਊਟੀ ’ਤੇ ਤਾਇਨਾਤ ਸੀਨੀਅਰ ਰੈਜ਼ੀਡੈਂਟ ਡਾਕਟਰ ਦੀ ਮੌਜੂਦਗੀ ਵਿਚ ਹੋਵੇਗੀ। ਲਾਸ਼ ਨੂੰ ਮੋਰਚਰੀ ਤੱਕ ਪਹੁੰਚਾਉਣ ਦੀ ਕਾਰਵਾਈ ਪੁਲਿਸ ਦੀ ਮੌਜੂਦਗੀ ਵਿਚ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਦਫਤਰ ਜ਼ਿਲਾ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦੇਵੇਗਾ।