Kabaddi player Manpreet Singh : ਡੇਰਾਬੱਸੀ ਹਲਕੇ ਦੇ ਪਿੰਡ ਮੀਰਪੁਰਾ ਦੇ ਹੋਣਹਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਧਿਆਨਚੰਦ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਸਰਵਉਚ ਖੇਡ ਐਵਾਰਡ ਲਈ ਚੁਣੇ ਗਏ 13 ਖਿਡਾਰੀਆਂ ਵਿਚੋਂ ਕਬੱਡੀ ਖੇਡ ਵਿਚ ਮਨਪ੍ਰੀਤ ਸਿੰਘ ਇਕੋ-ਇਕ ਖਿਡਾਰੀ ਹਨ। ਉਨ੍ਹਾਂ ਨੂੰ ਇਹ ਐਵਾਰਡ 29 ਅਗਸਤ ਨੂੰ ਦੇਸ਼ ਦੇ ਰਾਸ਼ਟਰਪਤੀ ਸਰਵਉੱਚ ਖੇਡ ਸ਼ਖਸੀਅਤਾਂ ਦਰਮਿਆਨ ਦਿੱਲੀ ਵਿਚ ਦੇਣਗੇ।
ਮਨਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਨੈਸ਼ਨਲ ਕਬੱਡੀ ਪ੍ਰੋ ਲੀਗ ਵਿਚ ਗੁਜਰਾਤ ਫਾਰਚਿਊਨ ਜੈਂਟਸ ਦੇ ਕੋਚ ਹਨ ਜਦਕਿ 2016 ਵਿਚ ਉਹ ਗੋਲਡ ਮੈਡਲਿਸਟ ਟੀਮ ਪਟਨਾ ਪਾਈਰੇਟਸ ਦੇ ਕਪਤਾਨ ਵੀ ਰਹਿ ਚੁੱਕੇ ਹਨ। ਸਕੂਲ ਦੇ ਦਿਨਾਂ ਤੋਂ ਹੀ ਨੈਸ਼ਨਲ ਕਬੱਡ ਟੀਮ ਵਿਚ ਸਥਾਨ ਹਾਸਿਲ ਕਰਨ ਵਾਲੇ ਮਨਪ੍ਰੀਤ ਸਿੰਘ ਹਮਲਾਵਰ ਰੀਡਰ ਦੀ ਭੂਮਿਕਾ ਵਿਚ ਰਹੇ ਹਨ। ਉਨ੍ਹਾਂ ਨੇ ਦੋ ਵਾਰ ਇੰਟਰਨੈਸ਼ਨਲ ਵਰਲਡ ਕੱਪ ਵਿਚ ਦੋ ਗੋਲਡ ਅਤੇ ਦੋ ਵਾਰ ਏਸ਼ੀਅਨ ਗੇਮਸ ਵਿਚ ਦੋ ਗੋਲਡ ਇਲਾਵਾ ਇੰਗਲੈਂਡ ਵਿਚ ਸੈਫ ਖੇਡਾਂ ਵਿਚ ਵੀ ਗੋਲਡ ਜਿੱਤਿਆ ਹੈ।
ਹੁਣ ਤੱਕ 12 ਇੰਟਰਨੈਸ਼ਨਲ ਗੋਲਡ ਹਾਸਿਲ ਕਰ ਚੁੱਕੇ ਮਨਪ੍ਰੀਤ ਸਿੰਘ ਕੌਮੀ ਪੱਧਰ ’ਤੇ ਡੇਢ ਸੌ ਤੋਂ ਵੀ ਵੱਧ ਮੈਡਲ ਜਿੱਤ ਚੁੱਕੇ ਹਨ। ਫਿਲਹਾਲ ਉਹ ਸੋਨੀਪਤ ਸਥਿਤ ਓਐਨਜੀਸੀ ਕੰਪਨੀ ਵਿਚ ਕਲਾਸ ਵਨ ਅਫਸਰ ਹਨ। ਖੇਡਾਂ ਦੀ ਦੁਨੀਆ ਵਿਚ ਧਿਆਨਚੰਦ ਵਰਗੇ ਸਰਵਉੱਚ ਖੇਡ ਐਵਾਰਡ ਦੇ ਹੱਕਦਾਰ ਬਣੇ ਮਨਪ੍ਰੀਤ ਸਿੰਘ ਕਬੱਡੀ ਵਿਚ ਦੇਸ਼ ਦੇ ਸਿਰਫ ਦੂਸਰੇ ਕਬੱਡੀ ਖਿਡਾਰੀ ਹਨ ਜੋ ਇਸ ਐਵਾਰਡ ਲਈ ਚੁਣੇ ਗਏ ਹਨ। ਮਨਪ੍ਰੀਤ ਮੁਤਾਬਕ ਕਬੱਡੀ ਵਿਚ ਇਹ ਐਵਾਰਡ ਹੁਣ ਤੱਕ ਹਰਿਆਣਾ ਦੇ ਸ਼ਮਸ਼ੇਰ ਸਿੰਘ ਨੂੰ 2007 ਵਿਚ ਮਿਲਿਆ ਹੈ ਜੋ ਅੱਜਕਲ ਹਰਿਆਣਾ ਪੁਲਿਸ ਵਿਚ ਡੀਐਸਪੀ ਹਨ। ਉਨ੍ਹਾਂ ਡੇਰਾਬੱਸੀ ਹਲਕਾ ਹੀ ਨਹੀਂ ਪੰਜਾਬ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ।