Kapurthala police nabs notorious : ਕਪੂਰਥਲਾ ਪੁਲਿਸ ਨੇ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰ ਤੇ ਜ਼ਿੰਦਾ ਕਾਰਤੂਸਾਂ ਸਣੇ ਇਕ ਨਾਮੀ ਸਮੱਗਲਰ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਜੋਤੀਸਰ ਕਾਲੋਨੀ, ਜੰਡਿਆਲਾ ਗੁਰੂ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਤਲਾਸ਼ੀ ਲੈਣ ’ਤੇ ਇਕ ਕਿਲੋ 10 ਗ੍ਰਾਮ ਹੈਰੋਇਨ, ਇਕ ਪਿਸਤੌਲ 7.65 ਬੋਰ 32, ਇਕ ਮੈਗਜ਼ੀਨ ਅਤੇ 7 ਜ਼ਿੰਦਾ ਕਾਰਤੂਸ 7.65 ਬੋਰ 32 ਬਰਾਮਦ ਕੀਤੇ ਹਨ। ਉਸ ਦੇ ਨਾਲ ਇਕ ਹੋਰ ਸਾਥੀ ਸੁਖਵਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਨੱਥੂਪੁਰ, ਥਾਣਾ ਤਲਵੰਡੀ ਚੌਧਰੀਆਂ, ਕਪੂਰਥਲਾ ਵੀ ਸੀ, ਜੋਕਿ ਮੌਕੇ ਤੋਂ ਫਰਾਰ ਹੋ ਗਿਆ ਪਰ ਜੁਗਰਾਜ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਕਪੂਰਥਲਾ ਸ. ਸਤਿੰਦਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਤਲਵੰਡੀਚੌਧਰੀਆਂ ਪੁਲ ’ਤੇ ਨਾਕਾਬੰਦੀ ਕੀਤੀ ਗਈ ਸੀ, ਜਿਸ ਦੌਰਾਨ ਦੋ ਮੋਟਰਸਾਈਕਲ ਸਵਾਲ ਨੌਜਵਾਨ ਉਥੋਂ ਨਿਕਲ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜੁਗਰਾਜ ਸਿੰਘ ਮੋਟਰਸਾਈਕਲ ਤੋਂ ਡਿੱਗ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦਕਿ ਉਸ ਦਾ ਸਾਥੀ ਜੋਕਿ ਮੋਟਰ ਸਾਈਕਲ ਚਲਾ ਰਿਹਾ ਸੀ, ਮੌਕੇ ਤੋਂ ਫਰਾਰ ਹੋ ਗਿਆ।
ਐਸਐਸਪੀ ਨੇ ਦੱਸਿਆ ਕਿ ਜੁਗਰਾਜ ਸਿੰਘ ’ਤੇ ਪਹਿਲਾਂ ਵੀ ਗੰਭੀਰ ਅਪਰਾਧਾਂ ਸੰਬੰਧੀ ਮਾਮਲੇ ਦਰਜ ਹਨ ਅਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਇਸ ਦੀ ਭਾਲ ਵਿਚ ਸੀ। ਜੁਗਰਾਜ ਸਿੰਘ ਤੋਂ ਸਮੱਗਲਿੰਗ ਸਬੰਧੀ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਕਈ ਨਸ਼ਾ ਅਤੇ ਹਥਿਆਰ ਸਪਲਾਈ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਫਰਾਰ ਹੋਏ ਉਸ ਦੇ ਸਾਥੀ ਨੂੰ ਲੱਭਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।