ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਸ਼ਨੀਵਾਰ ਸਵੇਰੇ 6 ਵਜੇ ਲਾਹੌਰ ‘ਚ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬਾਈਕ ਸਵਾਰ 2 ਅਣਪਛਾਤੇ ਬੰਦੂਕਧਾਰੀਆਂ ਜੌਹਰ ਕਸਬੇ ਦੀ ਸਨਫਲਾਵਰ ਸੋਸਾਇਟੀ ਵਿੱਚ ਦਾਖਲ ਹੋਏ ਅਤੇ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀ। ਪੰਜਵੜ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਮਜੀਤ ਸਿੰਘ ਪੰਜਵੜ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਪੈਂਦੇ ਪਿੰਡ ਪੰਜਵੜ ਦਾ ਵਸਨੀਕ ਹੈ। ਉਹ 90 ਦੇ ਦਹਾਕੇ ਤੋਂ ਪਾਕਿਸਤਾਨ ਵਿੱਚ ਮਲਿਕ ਸਿੰਘ ਦੇ ਨਾਂ ਨਾਲ ਰਹਿ ਰਿਹਾ ਸੀ। ਪੰਜਵੜ ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਪਰਮਜੀਤ 1986 ਵਿੱਚ ਖਾਲਿਸਤਾਨ ਕਮਾਂਡੋ ਫੋਰਸ (KCF) ਵਿੱਚ ਸ਼ਾਮਲ ਹੋਇਆ ਸੀ। ਇਸ ਤੋਂ ਪਹਿਲਾਂ ਉਹ ਪੰਜਾਬ ਦੇ ਸੋਹਲ ਵਿੱਚ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਨੰਬਰ-1 ਵਨਡੇ ਰੈਂਕਿੰਗ ਦਾ ਤਾਜ
ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਲਾਭ ਸਿੰਘ ਦੇ ਖਾਤਮੇ ਤੋਂ ਬਾਅਦ, ਪੰਜਵੜ ਨੇ 1990 ਦੇ ਦਹਾਕੇ ਵਿੱਚ KCF ਦੀ ਕਮਾਨ ਸੰਭਾਲ ਲਈ ਅਤੇ ਪਾਕਿਸਤਾਨ ਚਲਾ ਗਿਆ। ਉਸ ਨੂੰ ਪਾਕਿਸਤਾਨ ਵਿਚ ਸ਼ਰਣ ਮਿਲ ਗਈ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ‘ਚ ਨੌਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਅੱਠਵੇਂ ਨੰਬਰ ‘ਤੇ ਸੀ।
ਭਾਰਤੀ ਏਜੰਸੀਆਂ ਮੁਤਾਬਕ 30 ਜੂਨ 1999 ਨੂੰ ਚੰਡੀਗੜ੍ਹ ਵਿੱਚ ਪਾਸਪੋਰਟ ਦਫ਼ਤਰ ਨੇੜੇ ਕੀਤਾ ਗਿਆ ਬੰਬ ਧਮਾਕਾ ਖਾਲਿਸਤਾਨ ਕਮਾਂਡੋ ਫੋਰਸ ਦੇ ਆਗੂ ਪਰਮਜੀਤ ਸਿੰਘ ਪੰਜਵੜ ਨੇ ਕੀਤਾ ਸੀ। ਉਸ ਬੰਬ ਧਮਾਕੇ ‘ਚ 4 ਲੋਕ ਜ਼ਖਮੀ ਹੋ ਗਏ ਸਨ, ਜਦਕਿ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਬੰਬ ਸਕੂਟਰ ਦੇ ਟਰੰਕ ਵਿੱਚ ਰੱਖਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: