ਖੰਨਾ ਪੁਲਿਸ ਨੇ ਬਾਹਰੀ ਸੂਬਿਆਂ ਤੋਂ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਇਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦੋ ਵੱਖ-ਵੱਖ ਮਾਮਲਿਆਂ ਵਿਚ ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ 5 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਤੋਂ 8 ਪਿਸਤੌਲਾਂ, 10 ਮੈਗਜ਼ੀਨ, 4 ਕਾਰਤੂਸ ਮਿਲੇ। ਦੂਜੇ ਪਾਸੇ 2 ਸਾਥੀ ਅਜੇ ਫਰਾਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।
ਐੱਸਪੀ (ਆਈ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐੱਸਐੱਸਪੀ ਅਮਨਦੀਪ ਕੌਂਡਲ ਦੀ ਅਗਵਾਈ ਵਿਚ ਅਪਰਾਧਿਕ ਤੱਤਾਂ ਖਿਲਾਫ ਵੱਡੇ ਪੱਧਰ ‘ਤੇ ਮੁਹਿੰਮ ਜਾਰੀ ਹੈ। ਇਸ ਤਹਿਤ ਫੋਕਲ ਪੁਆਇੰਟ ਕੋਲ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਤੇ ਮਨਦੀਪ ਸਿੰਘ ਵਾਸੀ ਜੰਡਿਆਲਾ (ਤਰਨਤਾਰਨ) ਨੂੰ ਗ੍ਰਿਫਤਾਰ ਕੀਤਾ ਗਿਆ।
ਸਾਜਨ ਦੇ ਬੈਗ ਤੋਂ 2 ਦੇਸੀ ਪਿਸਤੌਲਾਂ ਸਣੇ ਮੈਗਜ਼ੀਨ, 2 ਹੋਰ ਮੈਗਜ਼ੀਨ ਵੱਖ ਤੋਂ ਮਿਲੇ। ਮਨਦੀਪ ਸਿੰਘ ਦੇ ਬੈਗ ਤੋਂ 2 ਦੇਸੀ ਪਿਸਤੌਲ ਮਿਲੇ। ਦੋਵਾਂ ਤੋਂ 4 ਪਿਸਤੌਲਾਂ, 4 ਮੈਗਜ਼ੀਨ ਬਰਾਮਦ ਕੀਤੇ। ਇਨ੍ਹਾਂ ਖਿਲਾਫ ਸਿਟੀ ਥਾਣਾ ਵਿਚ ਕੇਸ ਦਰਜ ਕੀਤਾ ਗਿਆ। ਦੂਜੇ ਮਾਮਲੇ ਵਿਚ ਸਦਰ ਥਾਣਾ ਦੇ ਟੀ-ਪੁਆਇੰਟ ਮਹਿੰਦੀਪੁਰ ‘ਤੇ ਨਾਕਾਬੰਦੀ ਦੌਰਾਨ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਵਿਚ ਚਾਲਕ ਤੇ ਨਾਲ ਵਾਲੀ ਸੀਟ ‘ਤੇ ਬੈਠਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।
ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਸਤਨਾਮ ਸਿੰਘ ਸੱਤਾ ਵਾਸੀ ਡੇਰਾ ਬੱਸੀ (ਐੱਸਏਐੱਸ ਨਗਰ), ਲਵਪ੍ਰੀਤ ਸਿੰਘ ਲਵ ਵਾਸੀ ਮਕਬੂਲਪੁਰਾ (ਅੰਮ੍ਰਿਤਸਰ) ਤੇ ਹਰਦੀਪ ਸਿੰਘ ਦੀਪ ਵਾਸੀ ਭਗਵਾ ਜੰਡਿਆਲਾ (ਅੰਮ੍ਰਿਤਸਰ) ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਤੋਂ ਪ੍ਰਿਥਵੀ ਸਿੰਘ ਵਾਸੀ ਲਾਲੜੂ ਤੇ ਗੁਰਪ੍ਰੀਤ ਸਿੰਘ ਵਾਸੀ ਸੈਦਪੁਰਾ ਫਰਾਰ ਹੋਏ।
ਇਹ ਵੀ ਪੜ੍ਹੋ : ਰਾਮਚੰਦਰ ਨੂੰ ਮਿਲਿਆ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਤੋਂ ਸਰਟੀਫਿਕੇਟ, ਕਿਲੀਮੰਜਾਰੋ ‘ਤੇ ਲਹਿਰਾਇਆ ਸੀ 350 ਫੁੱਟ ਉੱਚਾ ਝੰਡਾ
ਸਤਨਾਮ ਦੀ ਤਲਾਸ਼ੀ ਲੈਣ ‘ਤੇ 1 ਪਿਸਤੌਲ ਸਣੇ ਮੈਗਜ਼ੀਨ, 2 ਜ਼ਿੰਦਾ ਕਾਰਤੂਸ, ਲਵਪ੍ਰੀਤ ਸਿੰਘ ਤੋਂ 1 ਪਿਸਤੌਲ ਸਣੇ ਮੈਗਜ਼ੀਨ, 1 ਕਾਰਤੂਸ, ਹਰਦੀਪ ਸਿੰਘ ਤੋਂ 1 ਪਿਸਤੌਲ ਸਣੇ ਮੈਗਜ਼ੀਨ, 1 ਕਾਰਤੂਸ ਬਰਾਮਦ ਹੋਇਆ। ਜਾਂਚ ਦੌਰਾਨ 1 ਹੋਰ ਪਿਸਤੌਲ ਮੈਗਜ਼ੀਨ ਸਣੇ ਬਰਾਮਦ ਕੀਤਾ ਗਿਆ। ਗੁਰਲਾਲ ਸਿੰਘ ਖਿਲਾਫ ਮੱਧ ਪ੍ਰਦੇਸ਼ ਵਿਚ ਇਸੇ ਸਾਲ ਆਰਮਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਕੀ ਫੜੇ ਗਏ ਮੁਲਜ਼ਮਾਂ ਖਿਲਾਫ ਅਜੇ ਤੱਕ ਕੋਈ ਕੇਸ ਦਰਜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –