Leaflet on BJP leaders : ਜਲੰਧਰ : ਲੁਧਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਕੀਤੀ ਗਈ ਕਥਿਤ ਤੌਰ ‘ਤੇ ਤੋੜ-ਫੋੜ ਦੇ ਵਿਰੋਧ ਵਿੱਚ ਕੰਪਨੀ ਬਾਗ਼ ਚੌਕ ’ਚ ਮੌਨ ਵਰਤ ਰੱਖ ਕੇ ਧਰਨੇ ’ਤੇ ਬੈਠੇ ਭਾਜਪਾ ਵਰਕਰਾਂ ਖ਼ਿਲਾਫ਼ ਕੇਸ ਦਰਜ ਲਿਆ ਹੈ। ਪੁਲਿਸ ਨੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਉੱਤੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੇ ਗਏ ਸਿਹਤ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾਇਆ ਹੈ। ਹਾਲਾਂਕਿ ਹਰ ਵਾਰ ਦੀ ਤਰ੍ਹਾਂ ਪੁਲਿਸ ਨੇ ਕੇਸ ਵਿਚ ਕਿਸੇ ਨੇਤਾ ਦਾ ਨਾਮ ਨਹੀਂ ਲਿਖਿਆ ਅਤੇ ਐਫਆਈਆਰ ਵਿਚ ਉਨ੍ਹਾਂ ਨੂੰ ਅਣਪਛਾਤੇ ਲਿਖਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕੰਪਨੀ ਬਾਗ ਚੌਕ ਵਿਖੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੇਅਰ ਸੁਨੀਲ ਜੋਤੀ, ਸਾਬਕਾ ਵਿਧਾਇਕ ਕੇਡੀ ਭੰਡਾਰੀ ਸਮੇਤ ਭਾਜਪਾ ਦੇ ਸੂਬਾ ਜਨਰਲ ਸੱਕਤਰ ਡਾ. ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕਾਲੀਆ ਸਮੇਤ ਕਈ ਨੇਤਾਵਾਂ ਦੀ ਅਗਵਾਈ ਵਿੱਚ ਮੌਨ ਧਰਨਾ ਦਿੱਤਾ ਗਿਆ ਸੀ।
ਇਸ ਸੰਬੰਧੀ ਥਾਣਾ ਨੰਬਰ ਤਿੰਨ ਵਿੱਚ ਕੇਸ ਦਰਜ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੰਪਨੀ ਬਾਗ ਚੌਕ ਨੇੜੇ ਕੁਝ ਭਾਜਪਾ ਵਰਕਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਨਾ ਤਾਂ ਸਰੀਰਕ ਦੂਰੀ ਬਣਾਈ ਹੋਈ ਹੈ ਅਤੇ ਨਾ ਹੀ ਕੋਈ ਮਾਸਕ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਧਰਨਾ ਲਗਾਉਣ ਲਈ ਵੀ ਕੋਈ ਇਜਾਜ਼ਤ ਨਹੀਂ ਲਈ ਗਈ ਹੈ। ਉਨ੍ਹਾਂ ਨੇ ਇਹ ਧਰਨਾ ਕੋਰੋਨਾ ਖਿਲਾਫ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਹਤ ਸਾਵਧਾਨੀਆਂ ਦੀ ਉਲੰਘਣਾ ਕਰਦਿਆਂ ਕੀਤਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।