ਦੇਸ਼ ਵਿੱਚ ਮਿਡ-ਡੇ ਮੀਲ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਮਿਡ-ਡੇ-ਮੀਲ ਖਾਣ ਨਾਲ ਕਈ ਬੱਚਿਆਂ ਦੀ ਸਿਹਤ ਵਿਗੜ ਗਈ ਹੈ। ਮਿਲੀ ਜਾਣਕਾਰੀ ਮੁਤਾਕ ਸਦਰ ਬਲਾਕ ਦੇ ਅਪਗਰੇਡ ਗਰਲਜ਼ ਮਿਡਲ ਸਕੂਲ ਰਸੂਲਪੁਰ ਟਿਕੂਲੀਆ ਤੋਲਾ ਡੁਮਰੀ ਵਿਖੇ ਮਿਡ-ਡੇ-ਮੀਲ ਦੀ ਖਿਚੜੀ ਵਿੱਚ ਕਿਰਲੀ ਮਿਲੀ ਹੈ। ਇਹ ਖਾਣਾ ਖਾਣ ਤੋਂ ਬਾਅਦ 35 ਬੱਚੇ ਬੀਮਾਰ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਦਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸਡੀਓ ਸੰਜੇ ਕੁਮਾਰ ਨੇ ਸਦਰ ਹਸਪਤਾਲ ਵਿੱਚ ਬੀਮਾਰ ਬੱਚਿਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਬੱਚਿਆਂ ਦੀ ਹਾਲਤ ਫਿਲਹਾਲ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਤਿਆਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੂਰੇ ਮਾਮਲੇ ਦੀ ਜਾਂਚ ਕਰੇਗੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਮਿਡ-ਡੇ-ਮੀਲ ‘ਚ ਅਣਗਹਿਲੀ ਦੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਸ ਦੌਰਾਨ ਸਕੂਲ ਦੇ ਵਿਦਿਆਰਥੀ ਆਕਾਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਅੱਜ ਸਵੇਰੇ ਬੱਚੇ ਐਮਡੀਐਮ ਦਾ ਖਾਣਾ ਖਾ ਰਹੇ ਸਨ ਕਿ ਆਕਾਸ਼ ਦੀ ਥਾਲੀ ਵਿੱਚ ਮਰੀ ਹੋਈ ਕਿਰਲੀ ਨਿਕਲੀ। ਆਕਾਸ਼ ਨੇ ਇਸ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਕਾਹਲੀ ਵਿੱਚ ਮਿਡ-ਡੇ-ਮੀਲ ਦੀ ਵੰਡ ਰੋਕ ਦਿੱਤੀ ਗਈ। ਕੁਝ ਸਮੇਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ ਅਤੇ 50 ਬੱਚੇ ਉਲਟੀਆਂ ਕਰਨ ਲੱਗ ਪਏ ਅਤੇ ਬੀਮਾਰ ਹੋ ਗਏ।
ਸਕੂਲ ਦੀ ਇੰਚਾਰਜ ਹੈੱਡਮਿਸਟ੍ਰੈਸ ਪੂਨਮ ਕੁਮਾਰੀ ਨੇ ਦੱਸਿਆ ਕਿ ਭੋਜਨ ਦੀ ਵੰਡ ਐਨ.ਜੀ.ਓ. ਵੱਲੋਂ ਕੀਤੀ ਜਾਂਦੀ ਹੈ। ਪਿਛਲੇ ਕੁਝ ਦਿਨਾਂ ਤੋਂ ਖਾਣ-ਪੀਣ ਵਿੱਚ ਭਾਰੀ ਗੜਬੜੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਭੋਜਨ ਦੀ ਵੰਡ ਬੰਦ ਕਰ ਦਿੱਤੀ ਗਈ ਹੈ, ਸਾਰੇ ਬਿਮਾਰ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਸਦਰ ਹਸਪਤਾਲ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਹਨੂੰਮਾਨ ਜੀ ਦੇ ਇਸ ਇਤਿਹਾਸਕ ਮੰਦਰ ‘ਚ ਮੁਸਲਮਾਨਾਂ ਦੀ ਐਂਟਰੀ ਬੈਨ, ਹਿੰਦੂ ਭਗਤਾਂ ਲਈ ਡ੍ਰੈੱਸ ਕੋਡ ਜਾਰੀ
ਦੂਜੇ ਪਾਸੇ ਘਟਨਾ ਤੋਂ ਬਾਅਦ ਸਦਰ ਹਸਪਤਾਲ ਚੌਕਸ ਹੈ ਅਤੇ ਸਿਵਲ ਸਰਜਨ ਖੁਦ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਸਿਵਲ ਸਰਜਨ ਨੇ ਸਦਰ ਹਸਪਤਾਲ ਵਿੱਚ 35 ਬੱਚਿਆਂ ਦੇ ਦਾਖ਼ਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਚਿਆਂ ਵੱਲੋਂ ਜ਼ਹਿਰੀਲਾ ਭੋਜਨ ਖਾਣ ਦੀ ਸੂਚਨਾ ਹੈ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫੂਡ ਇੰਸਪੈਕਟਰ ਨੂੰ ਬੁਲਾ ਕੇ ਭੋਜਨ ਦੇ ਸੈਂਪਲ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਮਿਡ-ਡੇ-ਮੀਲ ਕਾਂਡ ਛਪਰਾ ‘ਚ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ, ਜਿਸ ‘ਚ ਕਈ ਬੱਚਿਆਂ ਦੀ ਜਾਨ ਗਈ ਸੀ ਪਰ ਫਿਰ ਵੀ ਮਿਡ-ਡੇ-ਮੀਲ ਨੂੰ ਲੈ ਕੇ ਲਾਪਰਵਾਹੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: