Long queues and hours of waiting : ਕੋਰੋਨਾ ਵਾਇਰਸ ਦੀ ਮੌਜੂਦਾ ਲਹਿਰ ਕਈ ਸੂਬਿਆਂ ਵਿੱਚ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਬੀਮਾਰਾਂ ਦੇ ਇਲਾਜ ਲਈ ਸੋਮਿਆਂ ਦੀ ਘਾਟ ਪੈ ਰਹੀ ਹੈ। ਉਥੇ ਹੀ ਉਨ੍ਹਾਂ ਲੋਕਾਂ ਨੂੰ ਅੰਤਿਮ ਸੰਸਕਾਰ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਜਿਨ੍ਹਾਂ ਨੇ ਕੋਰੋਨਾ ਦੀ ਲਾਗ ਕਾਰਨ ਆਪਣੀ ਜਾਨ ਗੁਆ ਦਿੱਤੀ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿੱਚ ਅੰਤਿਮ ਸੰਸਕਾਰ ਲਈ ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ।
ਖ਼ਾਸਕਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਥਿਤੀ ਦਿਨੋ-ਦਿਨ ਚਿੰਤਾਜਨਕ ਹੁੰਦੀ ਜਾ ਰਹੀ ਹੈ। ਭੋਪਾਲ ਵਿੱਚ ਕੁਝ ਸੰਸਥਾਵਾਂ ਦਾ ਦਾਅਵਾ ਹੈ ਕਿ ਰਾਜਧਾਨੀ ਵਿੱਚ ‘ਗੈਸ ਤ੍ਰਾਸਦੀ ਤੋਂ ਬਾਅਦ ਪਹਿਲੀ ਵਾਰ’ ਅਜਿਹੀ ਸਥਿਤੀ ਦੇਖੀ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਹ ਸਰਾਕਰ ਦੇ ਦਾਅਵਿਆਂ ਤੇ ਅੰਕੜਿਆਂ ਤੋਂ ਵੱਖ ਹੈ। ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਦੇ ਅੰਤਮ ਸੰਸਕਾਰ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੋਕਨ ਲੈਣ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਅੱਠ ਤੋਂ ਦਸ ਘੰਟੇ ਉਡੀਕ ਕਰਨੀ ਪੈ ਰਹੀ ਹੈ।
ਰਾਜਧਾਨੀ ਲਖਨਊ ਦੇ ਬੈਕੁੰਠ ਧਾਮ ਇਲੈਕਟ੍ਰਿਕ ਸ਼ਮਸ਼ਾਨਘਾਟ ਵਿੱਚ ਰੋਜ਼ਾਨਾ 25 ਦੇ ਕਰੀਬ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਸ਼ਮਸ਼ਾਨਘਾਟ ਦੇ ਇੱਕ ਮੁਲਾਜ਼ਮ ਮੁਤਾਬਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰੀਬ 45 ਮਿੰਟ ਲੈਂਦਾ ਹੈ ਅਤੇ ਦਿਨ ਭਰ ਲਾਸ਼ਾਂ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ, ਲਖਨਊ ਵਿੱਚ ਔਸਤਨ ਪੰਜ ਤੋਂ ਅੱਠ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਪਰ ਬੈਕੁੰਠ ਧਾਮ ਵਿੱਚ ਕੋਵਿਡ ਪ੍ਰੋਟੋਕੋਲ ਤਹਿਤ ਰੋਜ਼ਾਨਾ 20 ਤੋਂ ਵੱਧ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹੋਰ ਸ਼ਮਸ਼ਾਨ ਘਾਟ ‘ਤੇ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ ਪਰ ਕੋਵਿਡ ਦੀ ਲਾਗ ਕਾਰਨ ਮਰਨ ਵਾਲਿਆਂ ਦਾ ਅੰਤਿਮ ਸੰਸਕਾਰ ਬੈਕੁੰਠ ਧਾਮ ਵਿਖੇ ਹੀ ਕੀਤਾ ਜਾ ਰਿਹਾ ਹੈ।