Low cost portable ventilator : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਵੱਡੇ-ਵੱਡੇ ਦੇਸ਼ਾਂ ਨੂੰ ਵੀ ਵੈਂਟੀਲੇਟਰਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਵੈਂਟੀਲੇਟਰ ਕਾਫੀ ਮਹਿੰਗੇ ਹੁੰਦੇ ਹਨ ਅਤੇ ਇਨ੍ਹਾਂ ਦੀ ਸਪਲਾਈ ਵੀ ਕਾਫੀ ਘੱਟ ਹੁੰਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਚੰਡੀਗੜ੍ਹ ਦੇ ਕੇੰਦਰੀ ਵਿਗਿਆਨੀ ਉਪਰਕਰਨ ਸੰਗਠਨ (CSIO) ਵੱਲੋਂ ਮਹਿੰਗੇ ਵੈਂਟੀਲੇਟਰ ਦਾ ਇਕ ਬਦਲ ਤਿਆਰ ਕੀਤਾ ਗਿਆ ਹੈ। CSIO ਦੇ ਵਿਗਿਆਨੀਆਂ ਨੇ ਦੇਸ਼ ਦਾ ਸਭ ਤੋਂ ਸਸਤਾ ਅਤੇ ਮਰੀਜ਼ਾਂ ਨਾਲ ਜੁੜੀਆਂ ਸਾਰੀਆਂ ਲੋੜਾਂ ਨੂੰ ਪੀਰਾ ਕਰਨ ਵਾਲਾ ਪੋਰਟੇਬਲ ਵੈਂਟੀਲੇਟਰ ਬਣਾਇਆ ਹੈ। ਇਸ ਵੈਂਟੀਲੇਕਟਰ ਦੀ ਕੀਮਤੀ ਸਿਰਫ 20 ਤੋਂ 25 ਹਜ਼ਾਰ ਰੁਪਏ ਹੈ।
ਇਹ ਵੈਂਟੀਲੇਟਰ CSIO ਦੇ ਸੀਨੀਅਰ ਸਾਇੰਟਿਸਟ ਡਾ. ਕਰਾਰ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਇਸ ਦੀ ਟੈਕਨਾਲੋਜੀ ਚੇਨਈ ਦੀ ਇਕ ਪ੍ਰਾਈਵੇਟ ਕੰਪਨੀ ਨੂੰ ਟਰਾਂਸਫਰ ਕੀਤੀ ਗਈ ਹੈ ਅਤੇ ਜੂਨ ਦੇ ਅਖੀਰ ਤੱਕ ਪਹਿਲੇ ਪੜਾਅ ਵਿਚ 5000 ਪੋਰਟੇਬਲ ਵੈਂਟੀਲੇਟਰ ਦੇਸ਼ ਦੇ ਬਾਜ਼ਾਰਾਂ ਵਿਚ ਮੁਹੱਈਆ ਹੋ ਸਕਣਗੇ। ਦੱਸਣਯੋਗ ਹੈ CSIO ਵੱਲੋਂ ਇਹ ਪੋਰਟੇਬਲ ਵੈਂਟੀਲੇਟਰ ਰੇਸਪ੍ਰਿਸ਼ਨ ਅਸਿਸਟੈਂਟ ਇੰਟਰਵੇਂਸ਼ਨ ਡਿਵਾਈਸ (ਰੇਸਪੀ-ਏਡ) ਨੂੰ ਖਾਸ ਤੌਰ ’ਤੇ ਕੋਵਿਡ-19 ਮਰੀਜ਼ਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਸ ਦਾ ਬਾਰ 8 ਤੋਂ 10 ਕਿਲੋਗ੍ਰਾਮ ਹੈ ਅਤੇ ਇਸ ਵਿਚ ਕੋਵਿਡ-19 ਮਰੀਜ਼ਾਂ ਦੀ ਲੋੜ ਮੁਤਾਬਕ ਸਾਰੇ ਫੰਕਸ਼ਨ ਹਨ।
ਇਸ ਵੈਂਟੀਲੇਟਰ ਨੂੰ CSIO ਵੱਲੋਂ ਚੰਡੀਗੜ੍ਹ ਦੇ GMCH-32 ਹਸਪਤਾਲ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸਸਤਾ ਹੋਣਾ ਹੈ ਜਿਸ ਨਾਲ ਦੇਸ਼ ਵਿਚ ਘੱਟ ਬਜਟ ਵਾਲੇ ਤੇ ਸਰਕਾਰੀ ਹਸਪਤਾਲ ਇਸ ਨੂੰ ਆਸਾਨੀ ਨਾਲ ਖਰੀਦ ਸਕਣਗੇ। ਇਥੇ ਦੱਸ ਦੇਈਏ ਕਿ ਪੋਰਟੇਬਲ ਵੈਂਟੀਲੇਟਰ ਦਾ ਇਕ ਵਰਜ਼ਨ ਖਾਸਤੌਰ ’ਤੇ ਐਂਬੂਲੈਂਸ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਬਿਜਲੀ ਨਾ ਹੋਣ ’ਤੇ ਵੀ ਇਹ ਬੈਟਰੀ ਨਾਲ ਇਕ ਘੰਟਾ ਕੰਮ ਕਰ ਸਕੇਗਾ।