ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇ ‘ਤੇ ਆਉਂਦੇ ਕਾਨਪੁਰ ‘ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਲੋਹੇ ਦੇ ਟਰੰਕ ਵਿੱਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਰਾਤ 11 ਵਜੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪੁਲਿਸ ਨੇ ਰਾਤ ਸਮੇਂ ਮੌਕੇ ’ਤੇ ਆ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਲੋਕਾਂ ਨੇ ਘਰ ਦੇ ਬਾਹਰ ਇੱਕ ਟਰੰਕ ਪਿਆ ਦੇਖਿਆ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਪਈਆਂ ਸਨ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਸ਼ਾਮਲ ਹਨ।
ਮਕਸੂਦਾਂ ਥਾਣੇ ਦੇ ASI ਹਰਬੰਸ ਸਿੰਘ ਨੇ ਦੱਸਿਆ ਕਿ ਸੁਸ਼ੀਲ ਮੰਡਲ ਅਤੇ ਮੰਜੂ ਮੰਡਲ ਦੇ 5 ਬੱਚੇ ਹਨ। ਦੋਵੇਂ ਐਤਵਾਰ ਨੂੰ ਕੰਮ ‘ਤੇ ਗਏ ਹੋਏ ਸਨ। ਜਦੋਂ ਉਹ ਰਾਤ 8 ਵਜੇ ਘਰ ਵਾਪਸ ਆਏ ਤਾਂ ਲੜਕੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਸਾਰੀ ਰਾਤ ਭਾਲ ਕੀਤੀ ਪਰ ਬੱਚੀਆਂ ਦਾ ਕੁੱਝ ਪਤਾ ਨਹੀਂ ਲੱਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਿਤਾ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ‘ਤੇ ਜਾਂਦਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਲੜਕੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਉਨ੍ਹਾਂ ਪਿਤਾ ਤੇ ਦੋਸ਼ ਲਾਏ ਹਨ। ਪੁਲਿਸ ਨੇ ਬੱਚੀ ਦੇ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਇਸ ਸਬੰਧੀ SP ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਲੜਕੀਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਨਹੀਂ ਜਾਪਦਾ ਹੈ। ਅਜਿਹਾ ਲਗਦਾ ਹੈ ਕਿ ਲੜਕੀਆਂ ਘਰ ਵਿਚ ਇਕੱਲੀਆਂ ਸਨ। ਅਜਿਹਾ ਹੋ ਸਕਦਾ ਹੈ ਕਿ ਉਹ ਖੇਡਦੇ ਹੋਏ ਟਰੰਕ ਵਿੱਚ ਬੈਠ ਗਈ ਅਤੇ ਢੱਕਣ ਉੱਪਰੋਂ ਬੰਦ ਹੋ ਗਿਆ। ਜਿਸ ਤੋਂ ਬਾਅਦ ਢੱਕਣ ਨਹੀਂ ਖੁੱਲ੍ਹਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: