Mansa police arrested : ਮਾਨਸਾ ਪੁਲਿਸ ਨੇ ਮੰਗਲਵਾਰ ਨੂੰ ਪਿੰਡ ਮਲਕੋਂ ਤੋਂ ਅੰਤਰਰਾਜੀ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕੋਲੋਂ 1 ਪਿਸਟਲ 12 ਬੋਰ ਦੇਸੀ ਸਣੇ 3 ਜ਼ਿੰਦਾ ਕਾਰਤੂਸ, 1 ਪਿਸਟਲ 32 ਬੋਰ ਦੇਸੀ ਸਣੇ 5 ਜ਼ਿੰਦਾ ਰੌਂਦ, 1 ਰਾਡ ਲੋਹਾ ਮਾਰੂ ਹਥਿਆਰ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਤੋਂ ਇਕ ਮੋਟਰਸਾਈਕਲ ਵੀ ਪੁਲਿਸ ਵੱਲੋਂ ਕਬਜ਼ੇ ਵਿਚ ਲਿਆ ਗਿਆ ਹੈ।
ਦੋਸ਼ੀਆਂ ਦੀ ਪਛਾਣ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ, ਸ਼ੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ ਅਤੇ ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਹੋਈ ਹੈ। ਇਹ ਆਪਣੇ ਦੋ ਹੋਰ ਸਾਥੀਆਂ ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ ਅਤੇ ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ ਨਾਲ ਇਕ ਦਰੱਖਤ ਹੇਠਾਂ ਬੈਠ ਕੇ ਵੱਡੀ ਲੁੱਟ ਦੀ ਵਿਊਂਤ ਰਚ ਰਹੇ ਸਨ, ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਦੋ ਭੱਜਣ ਵਿਚ ਸਫਲ ਹੋ ਗਏ। ਇਨ੍ਹਾਂ ਸਾਰਿਆਂ ਦੋਸ਼ੀਆਂ ’ਤੇ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਸੂਬੇ ਅੰਦਰ ਸੰਗੀਨ ਜੁਰਮਾਂ ਹੇਠ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ ਕੁਝ ਮੁਕੱਦਮੇ ਹਾਲੇ ਅਦਾਲਤ ਵਿਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜ਼ਮਾਨਤ ’ਤੇ ਬਾਹਰ ਆਏ ਹਨ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗਸ਼ਤ ਤੇ ਚੈਕਿੰਗ ਲਈਈ ਟੀ-ਪੁਆਇੰਟ ਹਾਕਮਵਾਲਾ-ਝੁਨੀਰ ਰੋਡ ਬਾਹੱਦ ਪਿੰਡ ਬੋਹਾ ਵਿਖੇ ਚੈਕਿੰਗ ਲਈ ਤਾਇਨਾਤ ਬੋਹਾ ਪੁਲਿਸ ਨੂੰ ਸੂਚਨਾ ਮਲੀ ਸੀ ਕਿ ਪਿੰਡ ਮਲਕੋਂ ਵਿਖੇ ਇਹ ਲੋਕ ਕਿਸੇ ਵੱਡੀ ਲੁੱਟ-ਖੋਹ ਅਤੇ ਡਾਕਾ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ ਅਤੇ ਉਨ੍ਹਾਂ ਕੋਲ ਅਸਲਾ ਤੇ ਹਥਿਆਰ ਵੀ ਮੌਜੂਦ ਹਨ। ਜਾਣਾਕਾਰੀ ਮਿਲਣ ’ਤੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀਆਂ ਵਿਰੁੱਧ ਬਣਦੇ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਲਈ ਰੇਡ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।