Medical college to be set up : ਮਾਲੇਰਕੋਟਲਾ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੈਡੀਕਲ ਕਾਲਜ ਬਣਨ ਦੀ ਮੰਗ ਜਲਦੀ ਹੀ ਪੂਰੀ ਹੋਣ ਵਾਲੀ ਹੈ। ਕੇਂਦਰ ਦੇ ਘੱਟਗਿਣਤੀ ਮੰਤਰਾਲਾ ਨੇ ਮਾਲੇਰਕੋਟਲਾ ਵਿਚ ਮੈਡੀਕਲ ਕਾਲਜ ਸਥਾਪਤ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਇਥੇ ਜ਼ਮੀਨ ਲੱਭਣ ਤੋਂ ਬਾਅਦ ਕਾਲਜ ਨਿਰਮਾਣ ਕਾਰਜ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਸਬੰਧੀ ਡੀਸੀ ਰਾਮਵੀਰ ਸਿੰਘ ਸੋਮਵਾਰ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕਰਨਗੇ, ਜਿਸ ਵਿਚ ਜਗ੍ਹਾ ਦੀ ਚੋਣ ਦਾ ਜ਼ਿਕਰ ਹੋਵੇਗਾ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਦਿਆਰਥੀਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਪਟਿਆਲਾ, ਲੁਧਿਆਣਾ ਅਤੇ ਚੰਡੀਗੜ੍ਹ ਜਾਣਾ ਪੈਂਦਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਘੱਟਗਿਣਤੀ ਕੋਟੇ ਤੋਂ ਮਾਲੇਰਕੋਟਲਾ ਵਿਚ ਮੈਡੀਕਲ ਕਾਲਜ ਬਣਨ ਨਾਲ ਸਥਾਨਕ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
ਜਿਸ ਤੋਂ ਬਾਅਦ ਰਜ਼ੀਆ ਸੁਲਤਾਨਾ ਲਗਾਤਾਰ ਅਣਥੱਕ ਕੋਸ਼ਿਸ਼ਾਂ ਦੇ ਚੱਲਦਿਆਂ ਘੱਟਗਿਣਤੀ ਮੰਤਰਾਲਾ ਵੱਲੋਂ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਡੀਸੀ ਰਾਮਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਕਾਲਜ ਬਣਾਉਣ ਲਈ ਸਰਕਾਰ ਅਜੇ ਜ਼ਮੀਨ ਲੱਭ ਰਹੀ ਹੈ। ਮੈਡੀਕਲ ਕਾਲਜ ਲਈ ਲਗਭਗ 20 ਏਕੜ ਜ਼ਮੀਨ ਦੀ ਲੋੜ ਹੈ, ਜਿਸ ਲਈ ਉਹ ਇਲਾਕੇ ਦਾ ਦੌਰਾ ਕਰਨਗੇ ਤੇ ਉਚਿਤ ਜ਼ਮੀਨ ਦਾ ਮਤਾ ਸਰਕਾਰ ਨੂੰ ਸੋਮਵਾਰ ਪੇਸ਼ ਕਰਨਗੇ। ਜਿਸ ਤੋਂ ਬਾਅਦ ਕਾਲਜ ਨਿਰਮਾਣ ਦੇ ਕੰਮ ਲਈ ਅਗਲੀ ਯੋਜਨਾ ਬਣਾਈ ਜਾਵੇਗੀ।