Miss Call will now be accompanied : ਪਾਵਰਕਾਮ ਵੱਲੋਂ ਆਪਣੇ ਖਪਤਕਾਰਾਂ ਲਈ ਇਕ ਨਵੀਂ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਸ ਅਧੀਨ ਬਿਜਲੀ ਸਪਲਾਈ ਬੰਦ ਜਾਂ ਖਰਾਬ ਹੋਣ ’ਤੇ ਇਸ ਦੀ ਸ਼ਿਕਾਇਤ ਹੁਣ ਮਿਸਕਾਲ ਕਰਕੇ ਵੀ ਦਰਜ ਕਰਵਾ ਸਕਦੇ ਹਨ। ਇਸ ਦੇ ਲਈ ਪਾਵਰਕਾਮ ਵੱਲੋਂ ਇਕ ਟੋਲ ਫ੍ਰੀ ਨੰਬਰ 1800-180-1512 ਜਾਰੀ ਕੀਤਾ ਗਿਆ ਹੈ, ਜਿਸ ’ਤੇ ਸਿਰਫ ਮਿਸ ਕਾਲ ਕਰਨ ’ਤੇ ਹੀ ਖਪਤਕਾਰ ਦੀ ਸ਼ਿਕਾਇਤ ਦਰਜ ਹੋ ਜਾਏਗੀ।
ਇਸ ਦੇ ਲਈ ਖਪਤਕਾਰ ਦਾ ਨੰਬਰ ਪਾਵਰਕਾਮ ਕੋਲ ਰਜਿਸਟਰਡ ਹੋਣਾ ਚਾਹੀਦਾ ਹੈ। ਕਿਸੇ ਖਪਤਕਾਰ ਦਾ ਨੰਬਰ ਰਜਿਸਟਰਡ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਪਾਵਰਕਾਮ ਵੱਲੋਂ ਇਕ ਲਿੰਕ ਭੇਜਿਆ ਜਾਵੇਗਾ, ਜਿਥੇ ਉਹ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਣਗੇ। ਦੱਸਣਯੋਗ ਹੈ ਕਿ ਜਿਸ ਮੋਬਾਈਲ ਨੰਬਰ ਤੋਂ ਇਕ ਵਾਰ ਸ਼ਿਕਾਇਤ ਦਰਜ ਕਰਵਾਈ ਗਈ ਹੋਵੇ ਤਾਂ ਉਹ ਨੰਬਰ ਖੁਦ ਹੀ PSPCL 1912 ਗਾਹਕ ‘ਰਿਲੇਸ਼ਨ ਮੈਨੇਜਮੈਂਟ ਸਿਸਟਮ’ ਨਾਲ ਰਜਿਸਟਰ ਹੋ ਜਾਂਦਾ ਹੈ।
ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਦੀ ਸਮੱਸਿਆ ਦੇ ਹੱਲ ਲਈ ਪਾਵਰਕਾਮ ਦੇ 500 ਸਬ-ਡਵੀਜ਼ਨ ਦਫਤਰਾਂ ਵਿਚ 9 ਹਜ਼ਾਰ ਦੇ ਲਗਭਗ ਸਟਾਫ ਤਾਇਨਾਤ ਕੀਤਾ ਗਿਆ ਹੈ। ਟੋਲ ਫ੍ਰੀ ਨੰਬਰ 1912 ’ਤੇ ਸ਼ਿਕਾਇਤ ਦਰਜ ਕਰਵਾਉਣ ਲਈ ਨੋਡਲ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ। ਇਥੇ ਦੱਸ ਦੇਈਏ ਕਿ ਅੱਜਕਲ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵੀ ਆਮ ਦਿਨਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਸਮੇਂ ਦੌਰਾਨ ਪਾਵਰਕਾਮ ਵੱਲੋਂ ਇਹ ਖਪਤਕਾਰਾਂ ਨੂੰ ਇਹ ਸੇਵਾ ਮੁਹੱਈਆ ਕਰਵਾਉਣ ਨਾਲ ਬਿਜਲੀ ਸਪਲਾਈ ਦੀ ਰੁਕਾਵਟ ਦਾ ਸਾਹਮਣਾ ਕਰਨ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ।