ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਇੱਕ ਔਰਤ ਵੱਲੋਂ ਜਬਰ ਜਨਾਹ ਦੇ ਦੋਸ਼ ਲਾਏ ਗਏ ਹਨ, ਜਿਸ ਤੋਂ ਬਾਅਦ ਸਥਾਨਕ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਬੈਂਸ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਦੱਸਣਯੋਗ ਹੈ ਕਿ ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਗਿੱਲ ਗਾਰਡਨ ਕੋਲ ਮਕਾਨ ਖਰੀਦਿਆ ਸੀ। 11 ਲੱਖ ਰੁਪਏ ਡੀਲਰ ਨੂੰ ਨਕਦ ਦਿੱਤੇ ਸਨ ਤੇ ਬਾਕੀ ਦੇ 10 ਲੱਖ ਦਾ ਲੋਨ ਕਰਵਾਇਆ ਸੀ। ਮਕਾਨ ਲੈਣ ਤੋਂ ਕਰੀਬ ਮਹੀਨੇ ਬਾਅਦ ਔਰਤ ਦੇ ਪਤੀ ਦੀ ਮੌਤ ਹੋ ਗਈ। ਕਰਜ਼ੇ ਦੀਆਂ ਕਰੀਬ 5-6 ਮਹੀਨੇ ਦੀਆਂ ਕਿਸ਼ਤਾਂ ਟੁੱਟ ਗਈਆਂ।
ਔਰਤ ਨੇ ਦੋਸ਼ ਲਾਇਆ ਕਿ ਡੀਲਰ ਨੇ ਬੈਂਕ ਵਾਲਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਮਰਜੀਤ ਸਿੰਘ ਬੈਂਸ ਈਸ਼ਰ ਨਗਰ ਇਲਾਕੇ ’ਚ ਮੀਟਿੰਗ ਕਰ ਰਹੇ ਸਨ ਤਾਂ ਉਸ ਦੀ ਮੁਲਾਕਾਤ ਵਿਧਾਇਕ ਬੈਂਸ ਨਾਲ ਹੋਈ। ਸਾਰੀ ਗੱਲ ਸੁਣ ਕੇ ਵਿਧਾਇਕ ਨੇ ਦਫ਼ਤਰ ਆਉਣ ਲਈ ਆਖਿਆ। ਉੱਥੇ ਕਮਰੇ ਵਿੱਚ ਵਿਧਾਇਕ ਬੈਂਸ ਨੇ ਉਸ ਨਾਲ ਬਲਾਤਕਾਰ ਕੀਤਾ।
ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਜਦ ਵੀ ਆਪਣੀ ਸਮੱਸਿਆ ਦੇ ਹੱਲ ਲਈ ਉੱਥੇ ਗਈ ਤਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਪੀੜਤ ਔਰਤ ਬੈਂਸ ਕੋਲ ਆਪਣੇ ਕਿਸੇ ਜਾਇਦਾਦ ਦੇ ਕੇਸ ਦੇ ਨਿਪਟਾਰੇ ਲਈ ਸੰਪਰਕ ਵਿਚ ਆਈ ਸੀ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ੍ਰੈਂਚ, ਸਪੈਨਿਸ਼ ਤੇ ਅਰਬੀ ਭਾਸ਼ਾਵਾਂ ‘ਚ ਹੋਵੇਗਾ ਤਰਜਮਾ, SGPC ਨੇ ਬਣਾਈ ਮਾਹਰਾਂ ਦੀ ਕਮੇਟੀ
ਉਹ ਪਿਛਲੇ ਸਮੇਂ ਤੋਂ ਵਿਧਾਇਕ ਬੈਂਸ ਖਿਲਾਫ ਕੇਸ ਦਰਜ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਸੀ। ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਬੈਂਸ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਤੇ ਇਸ ਦੀ ਕਾਪੀ ਥਾਣਾ ਡਵੀਜ਼ਨ 6 ਨੂੰ ਭੇਜ ਦਿੱਤੀ ਸੀ। ਸਥਾਨਕ ਅਦਾਲਤ ਦੇ ਇਨ੍ਹਾਂ ਹੁਕਮਾਂ ਨੂੰ ਵਿਧਾਇਕ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ, ਜਿਸ ਦੀ ਸੁਣਵਾਈ ਇੱਕ-ਦੋ ਦਿਨਾਂ ਤੱਕ ਹੋ ਸਕਦੀ ਹੈ।