Moosewala Case DSP son granted bail by : ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ‘ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਉਸ ਦੇ ਸਹਿ-ਦੋਸ਼ੀ ਜੰਗਸ਼ੇਰ ਸਿੰਘ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਸਹਿ-ਦੋਸ਼ੀ ਜੰਗਸ਼ੇਰ ਸਿੰਘ ਨੇ ਧਨੌਲਾ ਫਾਇਰਿੰਗ ਮਾਮਲੇ ‘ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਜੰਗਸ਼ੇਰ ਦੀ ਜ਼ਮਾਨਤ ਦਾ ਵਿਰੋਧ ਕਰਨ ਵਾਲੇ ਇੱਕ ਹੋਰ ਵਿਅਕਤੀ ਨੇ ਹਾਈਕੋਰਟ ਕੋਲੋਂ ਦਖ਼ਲ ਦੀ ਮੰਗ ਕੀਤੀ ਹੈ ਪਰ ਇਸ ਦੇ ਲਈ ਹਾਈਕੋਰਟ ਨੇ ਉਸ ਨੂੰ ਅਰਜ਼ੀ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਨੋਟਿਸ ਭੇਜਦੇ ਹੋਏ ਮਾਮਲੇ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ।
ਵਿਰੋਧੀ ਪੱਖ ਵੱਜੋਂ ਸੋਸ਼ਲ ਐਕਟਿਵਿਸਟ ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਅਤੇ ਬਰਨਾਲਾ ਦੇ ਵਕੀਲ ਹਰਿੰਦਰਪਾਲ ਸਿੰਘ ਰਾਨੂ ਪੇਸ਼ ਹੋਏ। ਦੱਸ ਦਈਏ ਕਿ ਇਸ ਮਾਮਲੇ ‘ਚ ਕੁਝ ਦਿਨ ਪਹਿਲਾਂ ਬਰਨਾਲਾ ਅਦਾਲਤ ‘ਚ ਡੀ.ਐੱਸ.ਪੀ. ਦੇ ਬੇਟੇ ਜੰਗਸ਼ੇਰ ਸਿੰਘ, ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ, ਗਗਨਦੀਪ ਸਿੰਘ (ਕਾਂਸਟੇਬਲ), ਬਲਕਾਰ ਸਿੰਘ (ਏ.ਐਸ.ਆਈ), ਹਰਵਿੰਦਰ ਸਿੰਘ (ਕਾਂਸਟੇਬਲ) ਅਤੇ ਜਸਵੀਰ ਸਿੰਘ (ਕਾਂਸਟੇਬਲ) ਵੱਲੋਂ ਅਦਾਲਤ ‘ਚ ਅੰਤਰਿਮ ਜ਼ਮਾਨਤ ਦੀ ਅਰਜ਼ੀ ਲਾਈ ਗਈ ਸੀ ਜਿਸ ਨੂੰ ਅਡੀਸ਼ਨਲ ਜੱਜ ਅਰੁਣ ਗੁਪਤਾ ਨੇ ਰੱਦ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀਆਂ ਹਿਦਾਇਤਾਂ ‘ਤੇ ਦਰਜ ਕੀਤੇ ਗਏ ਹਨ। ਜਿਨ੍ਹਾਂ ਨੇ ਡੀਐਸਪੀ ਹੈਡਕੁਆਟਰ ਸੰਗਰੂਰ, ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਵੀ ਦਿੱਤੇ ਸਨ। ਡੀਜੀਪੀ ਨੇ ਡੀਐਸਪੀ ਦੁਆਰਾ ਉਸ ਨਾਲ ਜੁੜੇ ਪੁਲਿਸ ਮੁਲਾਜ਼ਮਾਂ ਨੂੰ ਅਣਅਧਿਕਾਰਤ ਤੌਰ ‘ਤੇ ਸ਼ੂਟਿੰਗ ਰੇਂਜ ‘ਤੇ ਤਾਇਨਾਤ ਕਰਨ ਅਤੇ ਇਕ ਅਧਿਕਾਰੀ ਦੀ ਗਲਤ ਢੰਗ ਨਾਲ ਕਾਰਵਾਈ ਕਰਨ ਕਰਕੇ ਸਖਤ ਨੋਟਿਸ ਲਿਆ ਸੀ।