ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੀਤੇ ਦਿਨ ਪੀਜੀਆਈ ਵਿੱਚ ਉਸ ਦ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ, ਜਿਸ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ।
ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਭੁੱਲਰ ਦੀ ਮੌਤ ਬੁਲੇਟ ਗੋਲੀ ਲੱਗਣ ਨਾਲ ਹੀ ਹੋਈ ਹੈ। ਇਥੇ ਅਹਿਮ ਗੱਲ ਇਹ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਨੂੰ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਨਹੀਂ ਸੌਂਪੀ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲੀ ਰਿਪੋਰਟ ਕੀ ਲਿਖਿਆ ਹੈ।
ਰਿਪੋਰਟ ਵਿੱਚ ਸਾਫ ਕਿਹਾ ਗਿਆ ਹੈ ਕਿ ਗੋਲੀਆਂ ਲੱਗਣ ਨਾਲ ਹੀ ਹੋਈ ਹੈ। ਜ਼ਿਆਦਾ ਜ਼ਖਮ ਗੋਲੀਆਂ ਦੇ ਹੀ ਹਨ। ਉਸ ਦੇ ਸਰੀਰ ਵਿੱਚੋਂ ਮੈਟਲ ਵੀ ਮਿਲੇ ਹਨ। ਉਥੇ ਹੀ ਪਰਿਵਾਰ ਵੱਲੋਂ ਜਿਹੜੀ ਭੁੱਲਰ ਦੀ ਖੱਬੀ ਬਾਂਹ ਟੁੱਟਣ ਦੀ ਗੱਲ ਕਹੀ ਗਈ ਸੀ, ਉਸ ਬਾਰੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵੀ ਗੋਲੀ ਲੱਗਣ ਕਰਕੇ ਹੀ ਹੋਇਆ ਸੀ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਮਾਮਲੇ ‘ਚ ਹੈਰਾਨੀਜਨਕ ਖੁਲਾਸੇ- ਕੈਨੇਡਾ ‘ਚ ਬੈਠਾ ਗਿੰਦੀ ਜੈਪਾਲ ਲਈ ਤਿਆਰ ਕਰਦਾ ਸੀ ਬੰਦੇ
ਹਾਲਾਂਕਿ ਭੁੱਲਰ ਦਾ ਪਰਿਵਾਰ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ ਐਨਕਾਊਂਟਰ ਤੋ ਪਹਿਲਾਂ ਗੈਂਗਸਟਰ ਨਾਲ ਤਸ਼ੱਦਦ ਨਹੀਂ ਹੋਇਆ ਸੀ। ਕੱਲ੍ਹ ਰਾਤ ਹੀ ਇਹ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਉਥੇ ਹੀ ਅੱਜ ਗੈਂਗਸਟਰ ਭੁੱਲਰ ਦਾ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਪਰਿਵਾਰ ਦਾ ਕਹਿਣਾ ਸੀ ਕਿ ਐਨਕਾਊਂਟਰ ਤੋਂ ਪਹਿਲਾਂ ਭੁੱਲਰ ‘ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਸੀ।