Newborn baby thrown : ਜਲੰਧਰ : ਬੂਟਾ ਪਿੰਡ ਵਿਚ ਵੀਰਵਾਰ ਨੂੰ ਪਲਾਟ ਵਿਚ ਇਕ ਨਵਜੰਮਿਆ ਬੱਚਾ ਮਿਲਿਆ, ਜਿਸ ਨੂੰ ਉਸ ਦੀ ਮਾਂ ਅਤੇ ਉਸ ਦੇ ਨਾਜਾਇਜ਼ ਪਿਤਾ ਵੱਲੋਂ ਸੁੱਟ ਦਿੱਤਾ ਗਿਆ ਸੀ। ਇਹ ਬੱਚਾ ਉਥੇ ਹੀ ਰਹਿਣ ਵਾਲੀ ਇਕ ਔਰਤ ਅਮਰਜੀਤ ਕੌਰ ਨੂੰ ਮਿਲਿਆ ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਦਾ ਇਲਾਜ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਚੇ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਵੱਲੋਂ ਬੱਚੇ ਨੂੰ ਪਲਾਟ ਵਿਚ ਸੁੱਟਣ ਅਤੇ ਬੱਚੇ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਤੇ ਪਿਤਾ ਨੂੰ ਗ੍ਰਿਫਤਾਰ ਕਰਕੇ ਧਾਰਾ 317 ਅਤੇ 315 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ 22 ਸਾਲਾ ਮੁਕੇਸ਼ ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦੇ ਪਿੰਡ ਸਜਣੀ ਤੋਂ ਇਥੇ ਆਇਆ ਸੀ ਅਤੇ ਬੂਟਾ ਪਿੰਡ ਵਿਚ ਕਿਰਾਏ ’ਤੇ ਰਹਿਣ ਲੱਗਾ ਸੀ। ਉਸ ਦਾ ਆਪਣੇ ਨਾਲ ਵਾਲੇ ਕਮਰੇ ਵਿਚ ਰਹਿਣ ਵਾਲੀ ਇਕ ਔਰਤ ਦੀ ਭੈਣ, ਜੋਕਿ ਦਸੰਬਰ ਵਿਚ ਬਿਹਾਰ ਤੋਂ ਜਲੰਧਰ ਆਈ ਸੀ, ਨਾਲ ਪ੍ਰੇਮ ਸਬੰਧ ਹੋ ਗਏ। ਕੁਝ ਦਿਨਾਂ ਬਾਅਦ ਲੜਕੀ ਗਰਭਵਤੀ ਹੋ ਗਈ, ਜਿਸ ਤੋਂ ਪਰਿਵਾਰ ਵਾਲੇ ਨਾਰਾਜ਼ ਸਨ ਅਤੇ ਕੋਰੋਨਾ ਕਾਰਨ ਉਹ ਉਸ ਨੂੰ ਪਿੰਡ ਵਾਪਿਸ ਵੀ ਨਹੀਂ ਭੇਜ ਸਕੇ। ਮਜਬੂਰਨ ਉਸ ਨੂੰ ਬੱਚੇ ਨੂੰ ਜਨਮ ਤਾਂ ਦੇਣਾ ਪਿਆ ਪਰ ਮੁਕੇਸ਼ ਤੇ ਲੜਕੀ ਦੋਵੇਂ ਬੱਚਾ ਨਹੀਂ ਰਖਣਾ ਚਾਹੁੰਦੇ ਸਨ ਅਤੇ ਲੜਕੀ ਦੇ ਭੈਣ-ਜੀਜਾ ਨੇ ਵੀ ਬੱਚੇ ਨੂੰ ਰਖਣ ਤੋਂ ਇਨਕਾਰ ਕਰ ਦਿੱਤਾ। ਜਿਸ ’ਤੇ ਮੁਕੇਸ਼ ਨੇ ਵੀਰਵਾਰ ਸਵੇਰੇ ਲਗਭਗ 5 ਵਜੇ ਬੱਚੇ ਦੇ ਜਨਮ ਤੋਂ ਬਾਅਦ ਪਲਾਟ ਵਿਚ ਸੁੱਟ ਦਿੱਤਾ।
ਪਲਾਟ ਵਿਚ ਇਹ ਬੱਚਾ ਦੋ ਧੀਆਂ ਦੀ ਮਾਂ ਅਮਰਜੀਤ ਕੌਰ ਨੂੰ ਮਿਲਿਆ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਿਵਲ ਹਸਪਤਾਲ ਵਿਚ ਉਸ ਨੂੰ ਇਲਾਜ ਲਈ ਲੈ ਆਈ। ਪੁਲਿਸ ਦੀ ਮਦਦ ਨਾਲ ਉਸ ਨੂੰ ਲੈ ਕੇ ਅੰਮ੍ਰਿਤਸਰ ਜਾ ਕੇ ਆਪਣੇ ਖਰਚੇ ’ਤੇ ਉਸ ਦਾ ਇਲਾਜ ਕਰਵਾਇਆ। ਬੱਚੇ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਆ ਰਹੀ ਸੀ, ਜਿਸ ’ਤੇ ਉਸ ਨੂੰ ਵੈਂਟੀਲੇਟਰ ’ਤੇ ਰਖਿਆ ਹੋਇਆ ਸੀ। ਪ੍ਰੀਮੈਚਿਓਰ ਡਿਲਵਰੀ ਹੋਣ ਕਾਰਨ ਅਤੇ ਬੱਚਾ ਜ਼ਿਆਦਾ ਕਮਜ਼ੋਰ ਹੋਣ ਕਾਰਨ ਬੱਚ ਨਹੀਂ ਸਕਿਆ।