Notification issued to name : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜ ਨਾਲ ਝੜਪ ਵਿਚਾਲੇ ਸ਼ਹੀਦ ਹੋਏ ਪਿੰਡ ਤੋਲਾਵਾਲ ਦੇ ਪੰਜਾਬ ਰੈਜੀਮੈਂਟ ਦੇ ਸਿਪਾਹੀ ਗੁਰਬਿੰਦਰ ਸਿੰਘ ਦੇ ਨਾਂ ’ਤੇ ਸਰਕਾਰੀ ਹਾਈ ਸਕੂਲ ਤੋਲਾਵਾਲ ਦਾ ਨਾਂ ਬਦਲ ਦੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਰਖਣ ਲਈ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਜ਼ਿਲਾ ਸਿੱਖਿਆ ਅਫਸਰ (ਸ) ਮਲਕੀਤ ਸਿੰਘ ਖੋਸਾ ਵੱਲੋਂ ਦਿੱਤੀ ਗਈ।
ਦੱਸਣਯੋਗ ਹੈ ਕਿ ਭਾਰਤੀ ਫੌਜੀਆਂ ਵਿਚ ਸ਼ਾਮਲ ਪੰਜਾਬ ਦੇ ਇਨ੍ਹਾਂ 4 ਜਵਾਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਤੇ ਸ਼ਹੀਦਾਂ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਨਾਂ ਸ਼ਹੀਦਾਂ ਦੇ ਨਾਂ ‘ਤੇ ਰੱਖੇ ਜਾਣ ਦਾ ਐਲਾਨ ਕੀਤਾ ਹੈ। ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਕ ਸਰਕਾਰੀ ਪ੍ਰਾਇਮਰੀ ਸਕੂਲ ਸੀਲ, ਪਟਿਆਲ਼ਾ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਦੇ ਨਾਮ ‘ਤੇ, ਸਰਕਾਰੀ ਮਿਡਲ ਸਕੂਲ ਭੋਜ ਰਾਜ, ਗੁਰਦਾਸਪੁਰ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਨਾਮ ‘ਤੇ ਸਰਕਾਰੀ ਮਿਡਲ ਸਕੂਲ ਬੀਰੇਵਾਲ ਡੋਗਰਾ, ਮਾਨਸਾ ਦਾ ਨਾਮ ਸ਼ਹੀਦ ਗੁਰਤੇਜ ਸਿੰਘ ਦੇ ਨਾਮ ‘ਤੇ ਰਖੇ ਜਾਣ ਸਬੰਧੀ ਕਿਹਾ ਗਿਆ ਸੀ।
ਹਾਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਸੰਗਰੂਰ ਦੇ ਪਿੰਡ ਤੋਲਾਵਾਲ ਵਿਖੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਗੁਰਬਿੰਦਰ ਸਿੰਘ ਦੇ ਨਾਮ ‘ਤੇ ਤਬਦੀਲ ਕਰਨ ਬਾਰੇ ਕਿਹਾ ਸੀ ਪਰ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਤਿੰਨ ਸਰਕਾਰੀ ਸਕੂਲਾਂ ਦਾ ਹੀ ਵੇਰਵਾ ਦਿੱਤਾ ਗਿਆ ਸੀ ਤੇ ਸਰਕਾਰ ਨੇ ਹੁਣ ਇਹ ਚੌਥੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ ’ਤੇ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।