Now private doctors will : ਚੰਡੀਗੜ੍ਹ : ਚੰਡੀਗੜ੍ਹ ਵਿਚ ਹੁਣ ਕਿਸੇ ਵੀ ਪ੍ਰਾਈਵੇਟ ਡਾਕਟਰ ਦੀ ਤਜਵੀਜ਼ ’ਤੇ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਇਸ ਬਾਰੇ ਕੇਂਦਰੀ ਸਿਹਤ ਪਰਿਵਾਰ ਭਲਾਈ ਮੰਤਰਾਲਾ ਨੇ ਸੂਬਿਆਂ ਅਤੇ ਵੱਖ-ਵੱਖ ਯੂਟੀ ਸਣੇ ਚੰਡੀਗੜ੍ਹ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ। ਦੱਸਣਯੋਗ ਹੈ ਕਿ ਹੁਣ ਤੱਕ ਸਰਕਾਰੀ ਡਾਕਟਰ ਦੀ ਤਜਵੀਜ਼ ’ਤੇ ਹੀ ਕੋਰੋਨਾ ਟੈਸਟ ਕਰਵਾਇਆ ਜਾ ਸਕਦਾ ਸੀ। ਪਰ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧ ਹੋਣ ਕਰਕੇ ਕਈ ਵਾਰ ਡਾਕਟਰਾਂ ਦੀ ਤਜਵੀਜ਼ ਲੈਣੀ ਮੁਸ਼ਕਲ ਹੋ ਜਾਂਦੀ ਸੀ, ਜਿਸ ਦੇ ਚੱਲਦਿਆਂ ਟੈਸਟ ਵਿਚ ਦੇਰ ਹੋ ਜਾਂਦੀ ਸੀ। ਪਰ ਹੁਣ ਕੋਈ ਵੀ ਮੈਡੀਕਲ ਪ੍ਰੈਕਟੀਸ਼ਨਰ ਕਿਸੇ ਵੀ ਸ਼ੱਕੀ ਮਰੀਜ਼ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਲਿਖ ਕੇ ਦੇ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਵੱਲੋਂ ਵੀ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਵੱਲੋਂ ਸ਼ੱਕ ਦੇ ਆਧਾਰ ’ਤੇ ਕੋਰੋਨਾ ਟੈਸਟ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਵਿਅਕਤੀ ਵਿਚ ਕੋਰੋਨਾ ਦੇ ਸ਼ੱਕੀ ਲੱਛਣ ਹੋਣ ਦੀ ਸੂਰਤ ਵਿਚ ਸੀਐਮਆਰ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਲੈਬ ਟੈਕਨੀਸ਼ੀਅਨ ਖੁਦ ਵੀ ਸਬੰਧਤ ਵਿਅਕਤੀ ਦਾ ਕੋਰੋਨਾ ਟੈਸਟ ਕਰ ਸਕਦਾ ਹੈ, ਜਿਸ ’ਤੇ ਲੈਬੋਰਟਰੀ ਲਈ ਕੋਰੋਨਾ ਟੈਸਟ ਦੀ ਰਿਪੋਰਟ ਦੀ ਜਾਣਕਾਰੀ ਵੈੱਬਸਾਈਟ ’ਤੇ ਦੇਣਾ ਲਾਜ਼ਮੀ ਹੋਵੇਗਾ।
ਇਸ ਬਾਰੇ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਕੋਰੋਨਾ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਇਹ ਕਦਮ ਜ਼ਰੂਰੀ ਸੀ। ਸਿਰਫ ਸਰਕਾਰੀ ਡਾਕਟਰਾਂ ’ਤੇ ਨਿਰਭਰ ਰਹਿਣ ਨਾਲ ਟੈਸਟਾਂ ਦੀ ਗਿਣਤੀ ਵੀ ਘੱਟ ਹੁੰਦੀ ਸੀ। ਸਿਹਤ ਮੰਤਰਾਲਾ ਵੱਲੋਂ ਜਾਰੀ ਇਨ੍ਹਾਂ ਹਿਦਾਇਤਾਂ ਵਿਚ ਕਿਹਾ ਗਿਆ ਹੈ ਕਿ ਯੂਟੀ ਵਿਚ ਪ੍ਰੈਕਟਿਸ ਕਰਨ ਵਾਲੇ ਡਾਕਟਰ ਕੋਰੋਨਾ ਟੈਸਟਿੰਗ ਦੀ ਤਜਵੀਜ਼ ਲਿਖ ਸਕਦੇ ਹਨ ਪਰ ਇਹ ਜਾਂਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਦਿਸ਼ਾ-ਨਿਰੇਦਸ਼ਾਂ ਮੁਤਾਬਕ ਹੀ ਕੀਤੇ ਜਾ ਸਕਦੇ ਹਨ। ਮਰੀਜ਼ ਵਿਚ ਜੇਕਰ ਕੋਰੋਨਾ ਦੇ ਸ਼ੱਕੀ ਲੱਛਣ ਜਿਵੇਂ ਬੁਖਾਰ, ਖੰਘ, ਜ਼ੁਕਾਮ ਅਤੇ ਗਲਾ ਖਰਾਬ ਵਰਗੇ ਲੱਛਣ ਦਿੱਸਦੇ ਹਨ ਤਾਂ ਕੋਈ ਵੀ ਮੈਡੀਕਲ ਪ੍ਰੈਕਟੀਸ਼ਨਰ ਉਸ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਲਿਖ ਕੇ ਦੇ ਸਕਦਾ ਹੈ।