Orders to open hotels, restaurants : ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਾਵਧਾਨੀ ਵਰਤਦਿਆਂ ਜ਼ਿਲ੍ਹਾ ਮਾਨਸਾ ਵਿਚ ਹੋਟਲ, ਰੈਸਟੋਰੈਂਟ/ਪ੍ਰਾਹੁਣਾਚਾਰੀ ਸੇਵਾਵਾਂ, ਧਾਰਮਿਕ ਸਥਾਨ/ਪੂਜਾ ਸਥਾਨਾਂ ਨੂੰ ਸਾਰੇ ਦਿਨ ਵਿਸ਼ੇਸ਼ ਸ਼ਰਤਾਂ ਨਾਲ ਖੋਲ੍ਹਣ ਦੇ ਹੁਕਮ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਜਾਰੀ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀ ਨੇ ਕਿਹਾ ਕਿ ਕੋਰੋਨਾ ਦੇ ਇਸ ਜਾਰੀ ਕਹਿਰ ਦੌਰਾਨ ਕੁਝ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸ਼ਰਤਾਂ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਰੈਸਟੋਰੈਂਟ ਵਿਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੇਵਲ ਹੋਮ ਡਲਿਵਰੀ ਦੀ ਸਰਵਿਸ ਨਾਲ ਜਾਰੀ ਰੱਖਣਗੇ। ਰੈਸਟੋਰੈਂਟ ਦੇ ਪ੍ਰਬੰਧਕਾਂ ਵੱਲੋਂ ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਹੱਥ ਧੋਣ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ। ਹੋਟਲ ਰੈਸਟੋਰੈਂਟ ਬੰਦ ਰਹਿਣਗੇ ਅਤੇ ਹੋਟਲਾਂ ਦੇ ਕਮਰਿਆਂ ਵਿਚ ਠਹਿਰੇ ਹੋਏ ਮਹਿਮਾਨਾਂ ਨੂੰ ਭੋਜਨ ਦੇਣ ਦੀ ਇਜਾਜ਼ਤ ਹੋਵੇਗੀ।
ਹੋਟਲਾਂ ਦੇ ਮਹਿਮਾਨਾਂ ਨੂੰ ਕਰਫਿਊ ਸਮੇਂ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਉਨ੍ਹਾਂ ਦੀ ਹਵਾਈ ਜਹਾਜ਼, ਰੇਲ ਰਾਹੀਂ ਯਾਤਰਾ ਦੇ ਅਨੁਸਾਰ ਹੋਟਲ ਅੰਦਰ ਦਾਖਲ ਹੋਣ ਅਤੇ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਮਹਿਮਾਨਾਂ ਪਾਸ ਮੌਜੂਦ ਜਹਾਜ਼ ਜਾਂ ਰੇਲ ਟਿਕਟ ਨੂੰ ਸਿਰਫ ਇਕ ਸਮੇਂ ਲਈ ਕਰਫਿਊ ਪਾਸ ਮੰਨਿਆ ਜਾਵੇਗਾ। ਹੋਟਲਾਂ ਦੇ ਪ੍ਰਬੰਧਕਾਂ ਵੱਲੋਂ ਮਾਸਕ ਪਹਿਨਣਾ, ਸਮਾਜਿਕ ਦੂਰੀ, ਹੱਥ ਧੋਣ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਧਾਰਮਿਕ ਸਥਾਨ/ਪੂਜਾ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਕਿਸੇ ਵੀ ਸਮੇਂ ਧਾਰਮਿਕ ਸਥਾਨ ਤੇ 20 ਵਿਅਕਤੀਆਂ ਤੋਂ ਵੱਧ ਦਾ ਇਕੱਠ ਨਹੀਂ ਹੋਣਾ ਚਾਹੀਦਾ। ਲੰਗਰ, ਭੋਜਣ, ਪ੍ਰਸ਼ਾਦ ਵੰਡਣ ਦੀ ਆਗਿਆ ਨਹੀਂ ਹੋਵੇਗੀ। ਧਾਰਮਿਕ ਸਥਾਨਾ ਦੇ ਪ੍ਰਬੰਧਕਾਂ ਵੱਲੋਂ ਧਾਰਮਿਕ ਸਥਾਨ ਤੇ ਮਾਸਕ ਪਹਿਨਣਾਂ, ਸਮਾਜਿਕ ਦੂਰੀ ਅਤੇ ਹੱਥ ਧੋਣ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਾਰਿਆਂ ਨੂੰ ਹੀ ਐਂਟਰੀ ਪੁਆਇੰਟਾਂ, ਰਿਸੈਪਸ਼ਨ ਤੇ ਹੈਂਡ ਸੈਨੀਟਾਈਜ਼ਰ ਡਿਸਪੈਂਸਰ ਅਤੇ ਥਰਮਲ ਸਕਰੀਨਿੰਗ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਦਾਖਲ ਹੋਣ ਲਈ ਮਾਸਕ ਆਦਿ ਨਾਲ ਮੂੰਹ ਢਕਣਾ ਲਾਜ਼ਮੀ ਹੈ। ਹੋਟਲ ਵਿਚ ਸਟਾਫ ਅਤੇ ਮਹਿਮਾਨਾਂ ਵੱਲੋਂ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਸਾਂਝੀਆਂ ਥਾਵਾਂ ’ਤੇ ਸ਼ੋਸ਼ਲ ਡਿਸਟੈਂਸਿੰਗ ਅਤੇ ਹੋਰ ਅਹਿਤਿਆਤ ਪੂਰਨ ਤਰੀਕੇ ਨਾਲ ਵਰਤੇ ਜਾਣਗੇ। ਹੋਟਲ ਸਟਾਫ ਹਰ ਸਮੇਂ ਗਲਵਜ਼ ਅਤੇ ਮਾਸਕ ਪਹਿਨ ਕੇ ਰੱਖੇਗਾ।
ਹੋਟਲ ਰੈਸਟੋਰੈਂਟ ਦੇ ਅੰਦਰ ਅਤੇ ਬਾਹਰ ਭੀੜ ਇਕੱਠੀ ਨਾ ਹੋਣ ਦੇ ਖਾਸ ਪ੍ਰਬੰਧ ਕੀਤੇ ਜਾਣ, ਘੱਟ ਤੋਂ ਘੱਟ 6 ਫੁੱਟ ਦੇ ਸ਼ੋਸ਼ਲ ਡਿਸਟੈਂਸ ਨੂੰ ਮੇਨਟੇਨ ਕੀਤਾ ਜਾਵੇ। ਜਿੱਥੋਂ ਤੱਕ ਹੋ ਸਕੇ ਮਹਿਮਾਨਾਂ, ਸਟਾਫ ਅਤੇ ਗੁਡਜ਼ ਦੀ ਸਪਲਾਈ ਲਈ ਅੰਦਰ ਅਤੇ ਬਾਹਰ ਦੇ ਵੱਖਰੇ ਰਸਤੇ ਨਿਰਧਾਰਤ ਕੀਤੇ ਜਾਣ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਹੋਟਲ, ਰੈਸਟੋਰੈਂਟ ਵਿਚ ਵੈਲੇ ਪਾਰਕਿੰਗ ਦੀ (Valet Parking) ਸਹੂਲਤ ਉਪਲਬਧ ਹੈ ਤਾਂ ਸਬੰਧਤ ਸਟਾਫ ਵੱਲੋਂ ਮਾਸਕ ਅਤੇ ਗਲਵਜ਼ ਦੀ ਵਰਤੋਂ ਜਰੂਰ ਕੀਤੀ ਜਾਵੇ ਅਤੇ ਕਾਰ ਦੇ ਡੋਰ-ਹੈਂਡਲ, ਸਟੇਅਰਿੰਗ, ਚਾਬੀਆਂ ਆਦਿ ਨੂੰ ਸੈਨੀਟਾਈਜ਼ ਕੀਤਾ ਜਾਵੇ। ਮਹਿਮਾਨਾਂ ਵੱਲੋਂ ਆਪਣੀ ਸੂਚਨਾ ਜਿਵੇਂ ਕਿ ਟਰੈਵਲ ਹਿਸਟਰੀ, ਮੈਡੀਕਲ ਕੰਡੀਸ਼ਨ, ਆਈ.ਡੀ. ਕਾਰਡ ਅਤੇ ਸਵੈ ਘੋਸ਼ਣਾ ਪੱਤਰ ਹੋਟਲ ਦੇ ਸਵਾਗਤੀ ਕਾਊਂਟਰ ’ਤੇ ਦੇਣੀ ਯਕੀਨੀ ਬਣਾਈ ਜਾਵੇ। ਪੋਸਟਰਾਂ, ਆਡੀਓ ਜਾਂ ਵੀਡੀਓ ਰਾਹੀਂ ਮਹਿਮਾਨਾਂ ਨੂੰ ਕੋਵਿਡ-19 ਤੋਂ ਬਚਣ ਲਈ ਵਰਤੇ ਜਾਣ ਵਾਲੇ ਅਹਿਤਿਆਤਾਂ ਦਾ ਸੰਦੇਸ਼ ਦਿੱਤਾ ਜਾਵੇ। ਹੋਟਲਾਂ ਦੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦੇ ਆਉਣ ਅਤੇ ਹੋਟਲ ਛੱਡਣ ਸਮੇਂ ਜਿੱਥੋਂ ਤੱਕ ਹੋ ਸਕੇ ਕੰਟੈਕਟਲੈਸ ਪ੍ਰੋਸੈੱਸ ਜਿਵੇਂ ਕਿ ਆਨਲਾਈਨ ਫਾਰਮ, ਡਿਜ਼ੀਟਲ ਪੇਮੈਂਟ ਅਦਿ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਮਹਿਮਾਨਾਂ ਦੇ ਸਮਾਨ ਨੂੰ ਹੋਟਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਸੈਨੀਟਾਈਜ਼ ਕੀਤਾ ਜਾਵੇ। ਹੋਟਲਾਂ ਦੇ ਰੈਸਟੋਰੈਂਟਾਂ ਅਤੇ ਡਾਈਨਿੰਗ ਹਾਲ ਮੁਕੰਮਲ ਤੌਰ ਤੇ ਬੰਦ ਰਹਿਣਗੇ ਅਤੇ ਹੋਟਲ ਵਿਚ ਰੁਕੇ ਮਹਿਮਾਨਾਂ ਲਈ ਕੇਵਲ ਰੂਮ ਸਰਵਿਸ ਹੀ ਉਪਲਬਧ ਹੋਵੇਗੀ। ਰੂਮ ਸਰਵਿਸ ਦੌਰਾਨ ਮਹਿਮਾਨ ਦਾ ਆਰਡਰ ਇੰਟਰਕਾਮ, ਮੋਬਾਇਲ ਫੋਨ ਤੇ ਹੀ ਲਿਆ ਜਾਵੇ ਅਤੇ ਆਰਡਰ ਪਹੁੰਚਾਉਣ ਸਮੇਂ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ। ਹੋਟਲਾਂ/ਰੈਸਟੋਰੈਂਟਾਂ ਅੰਦਰ ਗੇਮਿੰਗ ਏਰੀਆ ਅਤੇ ਬੱਚਿਆਂ ਦੇ ਖੇਡਣ ਵਾਲੇ ਸਥਾਨ ਪੂਰਨ ਤੌਰ ਤੇ ਬੰਦ ਰਹਿਣਗੇ। ਏਅਰ ਕੰਡੀਸ਼ਨਿੰਗ ਲਈ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਅਤੇ ਨਮੀ 40 ਤੋਂ 70 ਫੀਸਦੀ ਵਿਚਕਾਰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।
ਵਾਰ ਵਾਰ ਛੂਹੇ ਜਾਣ ਵਾਲੇ ਪੁਆਇੰਟ ਜਿਵੇਂ ਕਿ ਡੋਰ ਹੈਂਡਲ, ਦਰਵਾਜੇ, ਰੇfਲੰਗ, ਬਿਜਲੀ ਸਵਿੱਚ, ਐਲਵੇਟਰ ਬਟਨ, ਬੈਂਚ ਆਦਿ ਅਤੇ ਹੋਟਲਾਂ ਦੇ ਫਰਸ਼ ਨੂੰ ਨਿਰੰਤਰ 1 ਫੀਸਦੀ ਸੋਡੀਅਮ ਹਾਈਪੋਕੋਲੋਰਾਈਟ ਦੇ ਘੋਲ ਨਾਲ ਸਾਫ ਕੀਤਾ ਜਾਵੇ। ਵਰਤੇ ਹੋਏ ਮਾਸਕ, ਫੇਸ ਕਵਰ, ਦਸਤਾਨੇ ਆਦਿ ਲਈ ਵੱਖਰੇ ਡਸਟਬਿਨ (ਕੂੜੇਦਾਨ) ਲਗਾਏ ਜਾਣ। ਅਜਿਹੇ ਅਦਾਰਿਆਂ ਦੇ ਕਰਮਚਾਰੀ, ਜਿੰਨ੍ਹਾਂ ਦੀ ਉਮਰ ਜ਼ਿਆਦਾ ਹੈ, ਗਰਭਵਤੀ ਹਨ, ਲੰਬੀ ਬਿਮਾਰੀ ਨਾਲ ਜੂਝ ਰਹੇ ਹਨ, ਨੂੰ ਜਿੱਥੋਂ ਤੱਕ ਹੋ ਸਕੇ ਫਰੰਟ ਲਾਈਨ ਡਿਊਟੀ ’ਤੇ ਤਾਇਨਾਤ ਨਾ ਕੀਤਾ ਜਾਵੇ। ਲਿਫਟ ਦੀ ਵਰਤੋਂ ਸਿਰਫ ਅੰਗਹੀਣ ਵਿਅਕਤੀਆਂ ਜਾਂ ਮੈਡੀਕਲ ਐਮਰਜੈਂਸੀ ਦੌਰਾਨ ਹੀ ਵਰਤੀ ਜਾਵੇਗੀ। Escalators ਦੀ ਵਰਤੋਂ ਸ਼ੋਸ਼ਲ ਡਿਸਟੈਂਸਿੰਗ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਐਲੀਵੇਟਰ/ਲਿਫਟ ਦੀ ਵਰਤੋਂ ਸ਼ੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕੀਤੀ ਜਾਵੇ। ਉਕਤ ਸ਼ਰਤਾਂ/ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਡਿਸੈਸਟਰ ਮੈਨੇਜ਼ਮੈਂਟ ਐਕਟ 2005 ਦੀ ਧਾਰਾ 51-60 ਅਤੇ ਭਾਰਤੀ ਪੈਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।