PGI developed the Medi : ਚੰਡੀਗੜ੍ਹ : ਪੀਜੀਆਈ ਵੱਲੋਂ ਕੋਰੋਨਾ ਦੀ ਇਨਫੈਕਸ਼ਨ ਤੋਂ ਆਪਣੇ ਡਾਕਟਰਾਂ ਤੇ ਸਟਾਫ ਨੂੰ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਇਕ ਅਨੋਖਾ ਡਿਵਾਈਸ ਤਿਆਰ ਕੀਤਾ ਹੈ ਜਿਸ ਦਾ ਨਾਂ ਮੇਡੀ-ਸਾਰਥੀ ਡਰੋਨ ਰਖਿਆ ਗਿਆ ਹੈ। ਇਸ ਦੀ ਮਦਦ ਨਾਲ ਕੋਰੋਨਾ ਪੀੜਤ ਮਰੀਜ਼ਾਂ ਤੱਕ ਦਵਾਈਆਂ ਤੇ ਖਾਣਾ ਤਾਂ ਪਹੁੰਚਾਇਆ ਹੀ ਜਾ ਸਕਦਾ ਹੈ ਇਸ ਦੇ ਨਾਲ ਹੀ ਮਰੀਜ਼ਾਂ ਦੇ ਇਲਾਜ ਅਤੇ ਸਿਹਤ ਜਾਂਚ ਵਿਚ ਵੀ ਇਹ ਡਰੋਨ ਮਦਦ ਕਰੇਗਾ ਅਤੇ ਡਾਕਟਰਾਂ ਨੂੰ ਇਨ੍ਹਾਂ ਕੰਮਾਂ ਲਈ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਨਹੀਂ ਆਉਣਾ ਪਏਗਾ।
ਇਸ ਡਿਵਾਈਸ ਨੂੰ ਪੀਜੀਆਈ ਚੰਡੀਗੜ੍ਹ ਅਤੇ ਰੂਪਨਗਰ ਆਈਆਈਟੀ ਵਿਭਾਗ ਦੇ ਸਾਂਝੇ ਯਤਨਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ਡਰੋਨ ਮੇਡੀ ਸਾਰਥੀ ਡਿਵਾਈਸ ਨੂੰ ਇਕ ਵੱਡੇ ਜਿਹੇ ਬਾਕਸ ਨਾਲ ਜੋੜਿਆ ਗਿਆ ਹੈ, ਜਿਸ ਰਾਹੀਂ ਮਰੀਜ਼ਾਂ ਤੱਕ ਲੋੜੀਂਦੀਆਂ ਚੀਜ਼ਾਂ ਪਹੁੰਚਾਈਆਂ ਜਾ ਸਕਣਗੀਆਂ, ਜਿਸ ਨਾਲ ਨਾਲ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ, ਦਵਾਈਆਂ, ਖਾਣਾ ਆਦਿ ਪਹੁੰਚਾਇਆ ਜਾ ਸਕੇਗਾ ਅਤੇ ਬਾਕੀ ਸਿਹਤ ਜਾਂਚ ਹੋ ਸਕੇਗੀ, ਜਿਸ ਨਾਲ ਡਾਕਟਰਾਂ ਨੂੰ ਇਨ੍ਹਾਂ ਮਰੀਜ਼ਾਂ ਕੋਲ ਵਾਰ-ਵਾਰ ਜਾਣ ਦੀ ਲੋੜ ਨਹੀਂ ਪਏਗੀ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਅਤੇ ਰੂਪਨਗਰ ਆਈਆਈਟੀ ਦੇ ਡਾਇਰੈਕਟਰ ਪ੍ਰੋ. ਐਸ. ਕੇ. ਦਾਸ ਨੇ ਬੁੱਧਵਾਰ ਨੂੰ ਮੇਡੀ-ਸਾਰਥੀ ਡਿਵਾਈਸ ਨੂੰ ਪੀਜੀਆਈ ਵਿਚ ਲਾਂਚ ਕੀਤਾ। ਇਸ ਦੌਰਾਨ ਪ੍ਰੋ. ਜੀਡੀ ਪੂਰੀ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਏਕੇ ਗੁਪਤਾ, ਡੀਡੀਏ ਕੁਮਾਰ, ਗੌਰਵ ਧਵਨ, ਐਪਏ ਕੁਮਾਰ ਅਭੈ, ਕੋਵਿਡ ਵਾਰਡ ਦੇ ਇੰਚਾਰਜ ਪ੍ਰੋ. ਵਿਪਿਨ ਕੌਸ਼ਲ ਅਤੇ ਪ੍ਰੋ. ਅਸ਼ੋਕ ਕੁਮਾਰ ਵੀ ਹਾਜ਼ਰ ਸਨ।