Police are investigating the : ਲੁਧਿਆਣਾ : ਸੂਬੇ ਵਿਚ ਬੀਜ ਘਪਲੇ ਦੇ ਮਾਮਲੇ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੀ ਸਿੱਧੀ ਮਿਲੀਭੁਗਤ ਸਾਹਮਣੇ ਆਉਣ ਲੱਗੀ ਹੈ, ਜਿਸ ’ਤੇ ਵਿਸ਼ੇਸ਼ ਜਾਂਚ ਟੀਮ ਨੇ ਪੀਏਯੂ ਤੋਂ ਬਿਜਾਈ ਲਈ ਦਿੱਤੇ ਗਏ ਬੀਜ ਦੀ ਪੂਰੀ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀਏਯੂ ਕਿਸਾਨ ਕਲੱਬ ਦੇ ਮੈਂਬਰ ਰਹੇ ਬਲਜਿੰਦਰ ਸਿੰਘ ਭੂੰਦੜੀ ਨੂੰ ਜਿਹੜੇ ਬੀਜ ਜਾਂਚ ਲਈ ਬਿਜਾਈ ਕਰਨ ਨੂੰ ਦਿੱਤਾ ਸੀ, ਉਸ ਵਿਚ ਵੀ ਕਈ ਤਰ੍ਹਾਂ ਦੀਆਂ ਅਨਿਯਮਿਤਤਾਤਵਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਗ੍ਰਿਫਤਾਰ ਕੀਤੇ ਗਏ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਵਿਚ ਲੱਗੀ ਹੋਈ ਹੈ।
ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਪੀਏਯੂ ਵੱਲੋਂ ਜਿਹੜੇ ਬੀਜ ਪੀਏਯੂ ਕਲੱਬ ਦੇ ਕਿਸਾਨ ਨੂੰ ਤਜਰਬੇ ਲਈ ਉਗਾਉਣ ਵਾਸਤੇ ਦਿੱਤਾ ਜਾਂਦਾ ਹੈ, ਉਸ ਦਾ ਕੋਡ ਹੀ ਕਿਸਾਨ ਨੂੰ ਦਿੱਤਾ ਜਾਂਦਾ ਹੈ ਪਰ ਬਲਜਿੰਦਰ ਸਿੰਘ ਭੂੰਦੜੀ ਨੂੰ ਜਿਹੜਾ ਬੀਜ ਉਗਾਉਣ ਲਈ ਦਿੱਤਾ ਗਿਆ ਸੀ, ਉਸ ਦਾ ਬਾਕਾਇਦਾ ਨਾਂ ਤੱਕ ਸਾਹਮਣੇ ਆ ਗਿਆ ਅਤੇ ਮੋਗਾ ਦੇ ਕਿਸਾਨ ਨੇ ਇਸ ਨੂੰ ਮਹਿੰਗੇ ਭਾਅ ਨਤੇ ਵੇਚਣ ਦੀ ਸ਼ਿਕਾਇਤ ਤੱਕ ਕਰ ਦਿੱਤੀ। ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕਿਵੇਂ ਭੂੰਦੜੀ ਨੂੰ ਆਉਣ ਵਾਲੀ ਬੀਜ ਦੀ ਵੈਰਾਇਟੀ ਅਤੇ ਨਾਂ ਸਬੰਧੀ ਪਤਾ ਸੀ ਅਤੇ ਉਸ ਨੇ ਕਿਵੇਂ ਸੀਡਸ ਫਾਰਮ ਦੇ ਮਾਲਿਕਾਂ ਨੂੰ ਵੇਚ ਦਿੱਤਾ। ਇਸੇ ਸਵਾਲ ਦੇ ਜਵਾਬ ਜਾਣਨ ਲਈ ਸਪੈਸ਼ਲ ਜਾਂਚ ਟੀਮ ਵੱਲੋਂ ਇਕ ਪੱਤਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਿਆ ਗਿਆ ਹੈ।
ਚੀਫ ਐਗਰੀਕਲਚਰ ਅਫਸਰ ਨਰਿੰਦਰ ਸਿੰਘ ਬੈਣੀਪਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਜ ਸਬੰਧੀ ਜੋ ਕੁਝ ਵੀ ਪੀਏਯੂ ਅਤੇ ਕਿਸਾਨ ਵਿਚਾਲੇ ਹੋਇਆ ਹੈ, ਉਹ ਕੁਝ ਵੀ ਸਹੀ ਨਹੂਂ ਹੈ। ਸਿਟ ਵੱਲੋਂ ਪੱਤਰ ਲਿਖਿਆ ਗਿਆ ਹੈ ਅਤੇ ਪੀਏਯੂ ਦੇ ਜਵਾਬ ਤੋਂ ਪਤਾ ਲੱਗੇਗਾ ਕਿ ਕਿੱਥੇ ਗਲਤੀ ਹੋਈ ਹੈ ਅਤੇ ਕਿਹੜਾ ਅਧਿਕਾਰੀ ਇਸ ਪੂਰੇ ਕਾਂਡ ਨਾਲ ਜੁੜੇ ਸਨ। ਹੁਣ ਇਸ ਦੀ ਜਾਂਚ ਪੀਏਯੂ ਵੱਲੋਂ ਕੀਤੀ ਜਾਣੀ ਹੈ। ਦੂਜੇ ਪਾਸੇ ਇਸ ਮਾਮਲੇ ਵਿਚ ਫੜੇ ਗਏ ਬਲਜਿੰਦਰ ਸਿੰਘ ਭੂੰਦੜੀ, ਹਰਵਿੰਦਰ ਸਿੰਘ ਬਰਾੜ ਅਤੇ ਡੇਰਾ ਬਾਬਾ ਨਾਨਕ ਦੇ ਲਖਵਿੰਦਰ ਸਿੰਘ ਢਿੱਲੋਂ ਤੋਂ ਸੀਆਈਏ ਇਕ ਵਿਚ ਅਧਿਕਾਰੀਆਂ ਦੇ ਰਿਕਾਰਡ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।