Powercom sent Bill of two lakh : ਕੋਰੋਨਾ ਮਹਾਮਾਰੀ ਕਾਰਨ ਇਕ ਤਾਂ ਪਹਿਲਾਂ ਹੀ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਪਏ ਹਨ ਉਤੋਂ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਵੱਡੇ-ਵੱਡੇ ਬਿੱਲ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਖਰੜ ਤੋਂ ਜਿਥੇ ਲੌਕਡਾਊਨ ਦੌਰਾਨ ਘਰ ਬੰਦ ਕਰਕੇ ਹਿਮਾਚਲ ਗਏ ਪਰਿਵਾਰ ਦੀ ਉਦੋਂ ਨੀਂਦ ਹੀ ਉੱਡ ਗਈ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਬਿੱਲ ਭੇਜ ਦਿੱਤਾ। ਇਸ ਬਾਰੇ ਦੱਸਦਿਆਂ ਸ਼ਿਵਜੋਤ ਐਨਕਲੇਵ ਦੇ ਫਲੈਟ ਨੰਬਰ 505 ’ਚ ਰਹਿਣ ਵਾਲੇ ਸ਼ਸ਼ੀਕਾਂਤ ਨੇ ਦੱਸਿਆ ਕਿ ਉਹ ਪਹਿਲੀ ਮੰਜ਼ਿਲ ’ਤੇ ਫਲੈਟ ਵਿਚ ਰਹਿੰਦੇ ਹਨ। ਉਨ੍ਹਾਂ ਦੇ ਫਲੈਟ ਦਾ ਮੀਟਰ ਉਨ੍ਹਾਂ ਦੀ ਪਤਨੀ ਪ੍ਰੋਮਿਲਾ ਦੇਵੀ ਦੇ ਨਾਂ ’ਤੇ ਹੈ, ਜਿਸ ਦਾ ਨੰਬਰ 3000678652 ਹੈ।
ਇਸੇ ਸਾਲ ਫਰਵਰੀ ਵਿਚ ਮੀਟਰ ਦੀ ਕੁਲ ਰੀਡਿੰਗ 21429 ਸੀ ਅਤੇ ਬਿੱਲ 24470 ਆਇਆ ਸੀ। ਇਸ ਤੋਂ ਬਾਅਦ ਮਾਰਚ ਵਿਚ ਕੋਰੋਨਾ ਲੌਕਡਾਊਨ ਤੋਂ ਬਾਅਦ ਅਪ੍ਰੈਲ ਵਿਚ ਉਹ ਘਰ ਨੂੰ ਬੰਦ ਕਰਕੇ ਹਿਮਾਚਲ ਪ੍ਰਦੇਸ਼ ਚਲੇ ਗਏ ਸਨ ਪਰ ਇਸ ਦੇ ਬਾਵਜੂਦ ਪਾਵਰਕਾਮ ਨੇ ਉਨ੍ਹਾਂ ਦੇ ਬੰਦ ਘਰ ਦਾ ਅਗਸਤ ਵਿਚ ਬਿੱਲ ਇਕ ਲੱਖ 94590 ਰੁਪਏ ਬੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਪਾਵਰਕਾਮ ਦੇ ਜੇਈ ਨੇ ਉਨ੍ਹਾਂ ਦਾ ਮੀਟਰ ਵੀ ਲਾਹ ਲਿਆ ਸੀ, ਜੋਕਿ ਲਗਭਗ 24 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਦੁਬਾਰਾ ਲਗਾਇਆ ਗਿਆ। ਉਨ੍ਹਾਂ ਦੇ ਮੀਟਰ ਦੀ ਹੁਣ ਤੱਕ ਦੀ ਕੁਲ ਯੂਨਿਟ ਖਪਤ ਲਗਬਗ 22139 ਹੈ। ਜਦਕਿ ਦੋ ਸਾਲ ਵਿਚ ਉਨ੍ਹਾਂ ਦੀ ਕੁਲ 7661 ਯੂਨਿਟ ਬਿਜਲੀ ਖਪਤ ਹੋਈ ਹੈ।
ਹੁਣ ਵਿਭਾਗ ਨੇ ਬੰਦ ਘਰ ਦਾ ਲਗਭਗ ਦੋ ਲੱਖ ਰੁਪਏ ਦਾ ਬਿੱਲ ਭੇਜ ਕੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਸਬੰਧੀ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਰਾਣਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਨੇ 80 ਕਰੋੜ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਹੈ। ਗਰੀਬ ਔਰਤਾਂ ਨੂੰ 500-500 ਅਤੇ ਕਿਸਾਨਾਂ ਨੂੰ ਦੋ-ਦੋ ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤੇ ਹਨ ਪਰ ਪੰਜਾਬ ਸਰਾਕਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਅ ਅਨਾਪਸ਼ਨਾਪ ਔਸਤਨ ਬਿਜਲੀ ਬਿੱਲ ਭੇਜ ਕੇ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਸ ਦਿਨ ਵਿਚ ਉਕਤ ਖਪਤਕਾਰ ਦਾ ਬਿੱਲ ਠੀਕ ਨਾ ਕੀਤਾ ਗਿਆ ਤਾਂ ਭਾਜਵਾ ਵਰਕਰ ਬਿਜਲੀ ਦਫਤਰ ਦਾ ਘੇਰਾਅ ਕਰਨਗੇ।