Premonsoon may reach : ਚੰਡੀਗੜ੍ਹ : ਗਰਮੀ ਨੇ ਇਸ ਸਮੇਂ ਲੋਕਾਂ ਦੇ ਵੱਟ ਕੱਢੇ ਪਏ ਹਨ। ਹਾਲਾਂਕਿ ਬੀਤੇ ਦਿਨ ਅਸਮਾਨ ’ਚ ਛਾਏ ਕਾਲੇ ਬੱਦਲਾਂ ਨਾਲ ਅਤੇ ਥੋੜ੍ਹੀ ਦੇਰ ਪਏ ਮੀਂਹ ਨਾਲ ਲੋਕਾਂ ਨੂੰ ਕੁਝ ਰਾਹਤ ਤਾਂ ਮਹਿਸੂਸ ਹੋਈ ਪਰ ਬਾਅਦ ’ਚ ਨਿਕਲਣ ਵਾਲੀ ਧੁੱਪ ਨਾਲ ਮੌਸਮ ’ਚ ਤਪਿਸ਼ ਪਹਿਲਾਂ ਨਾਲੋਂ ਵੀ ਵਧ ਗਈ। ਪਰ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਛੇਤੀ ਹੀ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 22 ਤੇ 23 ਜੂਨ ਪ੍ਰੀ ਮੌਨਸੂਨ ਦੇ ਚੰਡੀਗੜ੍ਹ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ।
ਇਸ ਸਬੰਧੀ ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ਹਿਰ ਵਿਚ 22 ਜਾਂ 23 ਜੂਨ ਤੱਕ ਪ੍ਰੀ ਮੌਨਸੂਨ ਪਹੁੰਚਣ ਦੇ ਅਸਾਰ ਹਨ। ਉੱਥੇ ਹੀ 24 ਤੇ 25 ਜੂਨ ਦੇ ਨੇੜੇ-ਤੇੜੇ, ਦੱਖਣ-ਪੱਛਮੀ ਮੌਨਸੂਨ ਚੰਡੀਗੜ੍ਹ ਵਿਚ ਦਸਤਕ ਦੇ ਸਕਦਾ ਹੈ। ਮੌਨਸੂਨ ਪੱਛਮੀ ਉਤਰ ਪ੍ਰਦੇਸ਼ ਵਿਚ ਪਹੁੰਚ ਗਿਆ ਹੈ, ਜਿੱਥੋ ਇਹ ਪੂਰਬੀ ਉਤਰ ਪ੍ਰਦੇਸ਼ ਦੇ ਰਸਤੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਹੁੰਚੇਗਾ।
ਇਸ ਵਾਰ ਲੱਗ ਰਿਹਾ ਹੈ ਕਿ ਮਾਨਸੂਨ ਚੰਡੀਗੜ੍ਹ ਵਿਚ ਚਾਰ-ਪੰਜ ਦਿਨ ਪਹਿਲਾ ਹੀ ਆ ਜਾਵੇਗਾ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 24 ਤੋਂ 72 ਘੰਟਿਆਂ ਤੱਕ ਅਸਮਾਨ ਵਿਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਇਸ ਦੌਰਾਨ ਪਾਰਾ ਵੀ 40 ਡਿਗਰੀ ਤੋਂ ਹੇਠਾ ਹੀ ਰਹੇਗਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦਿਨ ਵਿਚ ਤਾਪਮਾਨ 37.8 ਡਿਗਰੀ ਦਰਜ਼ ਕੀਤਾ ਗਿਆ ਹੈ। ਅੱਜ ਵੀ ਬੱਦਲਵਾਈ ਸਮੇਤ ਹਲਕੀ ਬੁੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਵੀ ਅਸਮਾਨ ਵਿਚ ਬੱਦਲ ਛਾਏ ਰਹਿ ਸਕਦੇ ਹਨ।