Private doctors will be on strike : ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ (CEA) ਦੇ ਵਿਰੋਧ ਵਿਚ ਸੂਬੇ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਸੱਦੇ ’ਤੇ ਨਿੱਜੀ ਡਾਕਟਰਾਂ ਨੇ ਅੱਜ ਮੰਗਲਵਾਰ ਹੜਤਾਲ ’ਤੇ ਰਹਿਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚ ਲਗਭਗ 10 ਹਜ਼ਾਰ ਨਿੱਜੀ ਡਾਕਟਰ ਸ਼ਾਮਲ ਹਨ। ਇਸ ਦੌਰਾਨ ਐਮਰਜੈਂਸੀ ਵਿਚ ਦਾਖਲ ਮਰੀਜ਼ਾਂ ਦੀ ਵੀ ਨਿੱਜੀ ਡਾਕਟਰਾਂ ਵੱਲੋਂ ਜਾਂਚ ਨਹੀਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਸ ਹੜਤਾਲ ਦੇ ਚੱਲਦਿਆਂ ਸੂਬੇ ਵਿਚ ਅੱਜ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਲੈਬੋਰਟਰੀ, ਡਾਇਗਨੋਸਟਿਕ ਸੈਂਟਰ, ਡੈਂਟਲ, ਆਯੁਰਵੈਦਿਕ ਤੇ ਹੋਮਿਓਪੈਥਿਕ ਹਰ ਤਰ੍ਹਾਂ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਅਤੇ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਨਹੀਂ ਦੇਖਿਆ ਜਾਵੇਗਾ।
ਇਸ ਬਾਰੇ IMA ਸਕੱਤਰ ਡਾ. ਅੰਮ੍ਰਿਤਾ ਰਾਣਾ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲੜਾਈ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਹੈ। ਸਰਕਾਰ ਜੋ ਐਕਟ ਲਾਗੂ ਕਰ ਹੀ ਹੈ, ਉਹ ਦੇਸ਼ ਦੇ ਕਈ ਸੂਬਿਆਂ ਵਿਚ ਲਾਗੂ ਕੀਤਾ ਜਾ ਚੁੱਕਾ ਹੈ, ਪਰ ਇਸ ਨਾਲ ਸਿਹਤ ਸੇਵਾਵਾਂ ਵਿਚ ਕੋਈ ਸੁਧਾਰ ਨਹੀਂ ਹੋਇਆ, ਸਗੋਂ ਨਿੱਜੀ ਸਿਹਤ ਖੇਤਰ ਵਿਚ ਸਰਕਾਰ ਦਾ ਦਖਲ ਵਧ ਗਿਆ ਹੈ ਤੇ ਇਲਾਜ ਮਹਿੰਗਾ ਹੋ ਗਿਆ ਹੈ। ਇਸ ਐਕਟ ਖਿਲਾਫ ਆਈਐਮਏ ਦੀਆਂ ਸਿਹਤ ਮੰਤਰੀ ਨਾਲ ਕਈ ਬੈਠਕਾਂ ਹੋਈਆਂ, ਜਿਸ ਵਿਚ ਸਰਕਾਰ ਨੂੰ ਇਸ ਐਕਟ ਦੇ ਉਲਟ ਪ੍ਰਭਾਵਾਂ ਤੋਂ ਜਾਣੂ ਕਰਵਾਇਆਗਿਆ ਪਰ ਕੋਈ ਹੱਲ ਨਾ ਨਿਕਲਣ ’ਤੇ ਸਾਨੂੰ ਹੜਤਾਲ ’ਤੇ ਜਾਣ ਦਾ ਫੈਸਲਾ ਲੈਣਾ ਪਿਆ।
ਦੱਸ ਦੇਈਏ ਕਿ ਇਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨ ਆਈਐਮਏ ਵੱਲੋਂ ਕਲੀਨਿਕਲ ਐਸਟੈਬਿਲਸ਼ਮੈਂਟ ਐਕਟ ਖਿਲਾਫ ਅਈਜ ਹੋਣ ਵਾਲੀ ਇਸ ਹੜਤਾਲ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਸਾਰੇ ਮੁੱਦਿਆਂ ਦਾ ਹੱਲ ਕੱਢਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਾਕਰ ਪ੍ਰਸਤਾਵਿਤ ਕਲੀਨਿਕਲ ਐਸਟੋਬਲਿਸ਼ਮੈਂਟ ਐਕਟ ਨੂੰ ਲੈ ਕੇ ਆਈਐਮਏ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ’ਤੇ ਵਿਚਾਰ ਕਰਨ ਲਈ ਤਿਆਰ ਹੈ, ਤਾਂਕਿ ਸੂਬੇ ਦੇ ਲੋਕਾਂ ਨੂੰ ਕੋਵਿਡ ਸੰਕਟ ਦੌਰਾਨ ਨਿੱਜੀ ਸਿਹਤ ਖੇਤਰਾਂ ਤੋਂ ਸਿਹਤ ਸਹੂਲਤਾਂ ਮਿਲਣ ਸਬੰਧੀ ਕੋਈ ਪ੍ਰੇਸ਼ਾਨੀ ਨਾ ਆਏ।