PU developed a biosensor : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਕ ਹੋਰ ਅਹਿਮ ਖੋਜ ਕਰਦਿਆਂ ਇਕ ਅਜਿਹਾ ਬਾਇਓਸੈਂਸਰ ਉਪਕਰਨ ਬਣਾਇਆ ਹੈ, ਜਿਸ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਦੁੱਧ ਵਿਚ ਮਿਲਾਵਟ ਲਈ ਕਿੰਨੀ ਮਾਤਰਾ ਵਿਚ ਯੂਰੀਆ ਮਿਲਾਇਆ ਗਿਆ ਹੈ। ਇਸ ਦੇ ਲਈ ਯੂਨੀਵਰਸਿਟੀ ਨੂੰ ਇੰਡੀਅਨ ਪੇਟੇਂਟ ਵੀ ਹਾਸਿਲ ਹੋ ਗਿਆ ਹੈ।
ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਡਾ. ਮਿਨੀ ਸਿੰਘ ਦੀ ਅਗਵਾਈ ਵਾਲੀ ਖੋਜ ਟੀਮ, ਜਿਸ ਵਿਚ ਬਾਇਓਟੈਕਨਾਲੋਜੀ ਵਿਭਾਗ ਤੋਂ ਡਾ. ਨੀਲਮ ਅਤੇ ਡਾ. ਵਰੁਣ ਠੱਕਰ ਸ਼ਾਮਲ ਹਨ, ਉਨ੍ਹਾਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਅਸਲ ‘ਚ ਸਿੰਥੈਟਿਕ ਦੁੱਧ ਬਣਾਉਣ ਲਈ ਆਮ ਤੌਰ ‘ਤੇ ਯੂਰੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਕੋਰੋਨਾ ਕਾਲ ਵਿਚ ਲੋਕ ਮਿਲਾਵਟ ਵਾਲਾ ਅਜਿਹਾ ਦੁੱਧ ਪੀਣ ਤੋਂ ਬੱਚ ਸਕਣ, ਇਸ ਦਿਸ਼ਾ ਵਿਚ ਵੀ ਪੀਯੂ ਦੀ ਇਸ ਖੋਜ ਨੂੰ ਅਹਿਮ ਮੰਨਿਆ ਜਾ ਸਕਦਾ ਹੈ। ਪੀਯੂ ਦੀ ਖੋਜ ਟੀਮ ਵੱਲੋਂ ਤਿਆਰ ਕੀਤੇ ਬਾਇਓਸੈਂਸਰ ਉਪਕਰਨ ਰਾਹੀਂ ਹੁਣ ਛੇਤੀ ਤੇ ਆਸਾਨ ਤਰੀਕੇ ਨਾਲ ਅਜਿਹੀ ਮਿਲਾਵਟ ਬਾਰੇ ਪਤਾ ਲਗਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡਾ. ਮਿਨੀ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੁੱਧ ਵਿਚ ਆਸਾਨੀ ਨਾਲ ਘੁਲ ਜਾਣ ਵਾਲੀ ਲਿਕਵਿਡ ਹਲਦੀ ਦੀ ਫਾਰਮੂਲੇਸ਼ਨ ਤਿਆਰ ਕੀਤੀ ਸੀ। ਇਸ ਹਲਦੀ ਦੀ ਫਾਰਮੂਲੇਸ਼ਨ ਦੀ ਖਾਸ ਗੱਲ ਇਹ ਸੀ ਕਿ ਘੁਲਣਸ਼ੀਲ ਹੋਣ ਦੇ ਨਾਲ-ਨਾਲ ਇਹ ਦੁੱਧ ਵਿਚ ਪਾ ਕੇ ਪੀਣ ਨਾਲ ਕੌੜੀ ਵੀ ਨਹੀਂ ਲੱਗਦੀ ਹੈ। ਵੀਸੀ ਡਾ. ਘੁੰਮਣ ਨੇ ਕਿਹਾ ਕਿ ਦੁੱਧ ਵਿਚ ਯੂਰੀਆ ਦੀ ਮਿਲਾਵਟ ਸਬੰਧੀ ਇਸ ਖੋਜ ਨੇ ਸਿੱਧ ਕਰ ਦਿੱਤਾ ਹੈ ਕਿ ਯੂਨੀਵਰਸਿਟੀ ਸਮਾਜ ਦੀ ਭਲਾਈ ਵਿਚ ਵੱਡਾ ਯੋਗਦਾਨ ਪਾ ਰਹੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਵਿਚ ਕੀਤੇ ਜਾਣ ਵਾਲੀ ਖੋਜ ਦਾ ਅਸਲ ਲਾਭ ਉਦੋਂ ਹੀ ਹੁੰਦਾ ਹੈ, ਜਦੋਂ ਇਹ ਆਮ ਲੋਕਾਂ ਦੀ ਭਲਾਈ ਦੇ ਕੰਮ ਆ ਸਕੇ। ਯੋਜਨਾ ਤੇ ਨਿਰੀਖਣ ਮਾਮਲਿਆਂ ਬਾਰੇ ਡਾਇਰੈਕਟਰ ਡਾ. ਅਸ਼ੋਕ ਮਲਿਕ ਨੇ ਕਿਹਾ ਕਿ ਪੀਯੂ ਨੂੰ ਹਾਸਿਲ ਪੇਟੇਂਟ ਵਿਚੋਂ ਸਭ ਤੋਂ ਵੱਧ ਵੱਧ ਪੇਟੇਂਟ ਬਾਇਓਟੈਕਨਾਲੋਜੀ ਵਿਭਾਗ ਦੇ ਕੋਲ ਹੀ ਹਨ।