ਬਲਾਚੌਰ : ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ-ਲੰਮੇ ਕੱਟਾਂ ਨੂੰ ਲੈ ਕੇ ਸਿਆਸਤ ਵੀ ਕਾਫੀ ਭਖ ਗਈ ਹੈ। ਵਿਰੋਧੀ ਪਾਰਟੀਆਂ ਕੈਪਟਨ ਸਰਕਾਰ ‘ਤੇ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਹਮਲਾ ਬੋਲ ਰਹੀਆਂ ਹੁਣ। ਪੰਜਾਬ ਵਿੱਚ ਬੇਰੋਜ਼ਗਾਰ ਅਧਿਆਪਕਾਂ ‘ਤੇ ਤਸ਼ੱਦਦ ਤੇ ਬਿਜਲੀ ਮੁੱਦੇ ‘ਤੇ ਅੱਜ ਬਹੁਜਨ ਸਮਾਜ ਪਾਰਟੀ ਨੇ ਸੂਬਾ ਸਰਕਾਰ ‘ਤੇ ਅੱਜ ਨਿਸ਼ਾਨਾ ਵਿੰਨ੍ਹਿਆ।
ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬੀਆਂ ਦੀ ਕਿਸੀ ਵੀ ਸਹੂਲਤ ਦਾ ਕੋਈ ਖਿਆਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਕਾਂਗਰਸ ਸਰਕਾਰ ਵੱਲੋਂ ਚੋਣ ਵਰ੍ਹੇ ਵਿੱਚ ਵੀ ਲੰਬੇ ਬਿਜਲੀ ਕੱਟ, ਬਿਜਲੀ ਉਤਪਾਦਕਾਂ ਦਾ ਘੱਟਣਾ, ਸਨਅਤਕਾਰਾਂ ਨੂੰ 500 ਰੁਪਏ ਪ੍ਰਤੀ ਕੇ. ਵੀ. ਏ. ਜੁਰਮਾਨਾ ਲਾਇਆ ਜਾ ਰਿਹਾ ਹੈ। ਉਥੇ ਹੀ ਬੇਰੋਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਵਰਗੀਆਂ ਘਟਨਾਵਾਂ ਕਾਂਗਰਸ ਸਰਕਾਰ ਦੀ ਅਸਫ਼ਲਤਾ ਨੂੰ ਦਰਸਾਉਂਦੀਆਂ ਹਨ। ਪੰਜਾਬ ਦੇ ਅਧਿਆਪਕਾਂ ਨਾਲ ਕੁੱਟਮਾਰ ਤੇ ਤਸ਼ੱਦਦ ਨਾਲ ਕਾਂਗਰਸ ਦੇ ਖੋਖਲੇ ਵਾਅਦਿਆਂ ਦੀ ਪੋਲ ਖੁਲ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਬਸਪਾ ਪਾਰਟੀ ਵੱਲੋਂ 9 ਜੁਲਾਈ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਮੋਟਰਸਾਈਕਲ ਯਾਤਰਾ ਦਾ ਆਯੋਜਨ ਕਰੇਗੀ। ਕਾਂਗਰਸ ਸਰਕਾਰ ਦੇ ਰਾਜ ਵਿੱਚ ਸੂਬੇ ਵਿੱਚ ਅਸਫਲਤਾਵਾਂ ਲਈ ਪੂਰੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਵਿਸ਼ਾਲ ਮੋਟਰ ਸਾਈਕਲ ਯਾਤਰਾਵਾਂ ਦਾ ਆਯੋਜਨ ਕਰੇਗੀ।
ਉਨ੍ਹਾਂ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੇਣ ‘ਤੇ ਵੀ ਕੋਈ ਕਾਰਵਾਈ ਨਾ ਹੋਣ ‘ਤੇ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਵੱਲੋਂ ਇੱਕ ਵਾਰ ਫਿਰ ਗਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਸੀਟਾਂ ‘ਤੇ ਬਸਪਾ ਦਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਸ਼ਿਆਂ ਨੂੰ ਲੈ ਕੇ ਵਲਟੋਹਾ ਨੇ ਕਾਂਗਰਸ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ, ਢਡਰੀਆਂ ਵਾਲਾ ‘ਤੇ ਵੀ ਲਾਏ ਵੱਡੇ ਦੋਸ਼
ਰਵਨੀਤ ਬਿੱਟੂ ਨੇ ਅਕਾਲੀ ਦਲ ‘ਤੇ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਸੀਟ ਬਸਪਾ ਨੂੰ ਦੇਣ ‘ਤੇ ਟਿੱਪਣੀ ਕਰਦੇ ਕਿਹਾ ਸੀ ਕਿ ਅਕਾਲੀ ਦਲ ਨੇ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ।