Punjab Government launches free : ਮੋਗਾ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਨੌਜਵਾਨਾਂ ਨੂੰ ਘਰ ਬੈਠੇ ਮੁਫ਼ਤ ਆਨਲਾਈਨ ਕੋਰਸ ਸ਼ੁਰੂ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਕਾਲਜ/ਯੂਨੀਵਰਸਿਟੀਆਂ ਬੰਦ ਹੋਣ ਕਾਰਨ ਨੌਜਵਾਨ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋ ਰਿਹਾ ਸੀ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਆਨਲਾਈਨ ਕੋਰਸਾਂ ਦੀ ਸ਼ੁਰੂਆਤ ਕੀਤੀ ਹੈ। ਇਹ ਸ਼ਾਰਟ ਕੋਰਸ 45 ਦਿਨਾਂ ਵਿਚ ਪੂਰੇ ਕੀਤੇ ਜਾਣਗੇ, ਜਿਸ ਵਿਚ ਵਿਚ ‘ਕਸਟਮਰ ਕੇਅਰ’ ਅਤੇ ‘ਲੋਜਿਸਟਕ ਸਪਲਾਈ ਮੈਨੇਜਮੈਂਟ’ ਸ਼ਾਮਿਲ ਹਨ।
ਨੌਜਵਾਨਾਂ ਨੂੰ ਇਹ ਕੋਰਸ ਬਿਲਕੁਲ ਮੁਫ਼ਤ ਹਨ ਅਤੇ ਕੋਈ ਵੀ ਚਾਹਵਾਨ ਨੌਜਵਾਨ ਘਰ ਬੈਠੇ ਹੀ ਕੋਰਸ ਕਰ ਸਕਦੇ ਹਨ। ਜੇਕਰ ਉਹਨਾਂ ਕੋਲ ਮੋਬਾਈਲ ਜਾਂ ਲੈਪਟਾਪ ਆਦਿ ਨਹੀਂ ਹੈ ਤਾਂ ਉਹ ਆਪਣੇ ਨਜ਼ਦੀਕੀ ਸਰਕਾਰੀ ਸਕੂਲ ਜਾਂ ਫਿਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਦੇ ਕੰਪਿਊਟਰ ਦੀ ਸਹੂਲਤ ਵੀ ਲੈ ਸਕਦੇ ਹਨ। ਇਹਨਾਂ ਕੋਰਸਾਂ ਦੀ ਮੋਨੀਟਰਿੰਗ ਕਰਨ ਲਈ ਡਿਸਟ੍ਰਿਕਟ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੀ ਡਿਊਟੀ ਲਗਾਈ ਗਈ ਹੈ।
ਇਹ ਕੋਰਸ 30-30 ਦੇ ਬੈਚ ਤਿਆਰ ਕਰਕੇ ਕਰਵਾਏ ਜਾ ਰਹੇ ਹਨ। ਮੌਜੂਦਾ ਸਮੇਂ ਪੰਜਾਬ ਵਿੱਚ 13 ਬੈਚ ਚਾਲੂ ਹੋ ਚੁੱਕੇ ਹਨ। ਜ਼ਿਲ੍ਹਾ ਮੋਗਾ ਦੇ 11 ਨੌਜਵਾਨ 7 ਬੈਚਾਂ ਵਿੱਚ ਸਿਖਲਾਈ ਲੈ ਰਹੇ ਹਨ। ਇਸੇ ਤਰ੍ਹਾਂ 50 ਹੋਰ ਨੌਜਵਾਨ ਸਿਖਲਾਈ ਲਈ ਤਿਆਰ ਬੈਠੇ ਹਨ। ਸਫਲਤਾਪੂਰਵਕ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾਣਗੇ।