Punjab govt can forgive debts : ਕੋਵਿਡ-19 ਦੌਰਾਨ ਸੂਬੇ ਵਿਚ ਲੌਕਡਾਊਨ ਦੌਰਾਨ ਜਿੱਥੇ ਹਰ ਖੇਤਰ ਨੂੰ ਆਰਥਿਕ ਮਾਰ ਝੱਲਣੀ ਪਈ ਹੈ, ਉਥੇ ਹੀ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਇਸ ਨਾਲ ਸਭ ਤੋਂ ਮਾੜੀ ਹੋਈ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਅਸਰ ਛੋਟੇ ਕਿਸਾਨਾਂ ‘ਤੇ ਪਿਆ ਹੈ, ਖ਼ਾਸ ਕਰ ਜਿਨ੍ਹਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਇਸ ਲਈ ਪੰਜਾਬ ਸਰਕਾਰ ਹੁਣ 1.30 ਲੱਖ ਕਿਸਾਨਾਂ ਵੱਲੋਂ ਸਹਿਕਾਰੀ ਤੇ ਕੋ-ਅਪਰੇਟਿਵ ਬੈਂਕਾਂ ਤੋਂ ਲਏ ਕਰਜ਼ੇ ਦੀ ਕਿਸ਼ਤ ਨੂੰ ਵੀ ਅੱਗੇ ਵਧਾਏਗੀ ਤੇ ਇਸ ਦੇ ਨਾਲ ਹੀ ਕਰਜ਼ੇ ਦਾ ਵਿਆਜ ਵੀ ਮਾਫ ਕਰੇਗੀ।
ਇਸ ਦੇ ਲਈ ਸਹਿਕਾਰਤਾ ਵਿਭਾਗ ਨੇ ਅਜਿਹੇ ਕਿਸਾਨਾਂ ਦੀ ਲਿਸਟ ਤਿਆਰ ਕਰਨ ਦੇ ਨਾਲ ਉਨ੍ਹਾਂ ਦੇ ਵਿਆਜ਼ ਦੀ ਰਾਸ਼ੀ ਦਾ ਪਤਾ ਲਾਉਣ ਲਈ ਕਿਹਾ ਹੈ। ਇਸ ਲਈ ਕਮੇਟੀ ਬਣਾਈ ਗਈ ਹੈ। ਸਹਿਕਾਰਤਾ ਮੰਤਰੀ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਸਰਕਾਰ ਕੋਲ ਵਿਆਜ਼ ਮਾਫ ਕਰਨ ਲਈ ਨਾਬਾਰਡ ਦਾ ਪੈਸਾ ਪਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸੂਬੇ ‘ਚ ਕੁੱਲ 10.53 ਲੱਖ ਕਿਸਾਨ ਹਨ ਤੇ 3.20 ਲੱਖ ਕਿਸਾਨ ਅਜਿਹੇ ਹਨ ਜਿੰਨ੍ਹਾਂ ਕੋਲ ਢਾਈ ਏਕੜ ਤਕ ਜ਼ਮੀਨ ਹੈ। ਸੂਬੇ ਦੇ ਸਹਿਕਾਰੀ ਤੇ ਕੋ-ਅਪਰੇਟਿਵ ਬੈਂਕਾਂ ‘ਚ ਕਰੀਬ 1.30 ਲੱਖ ਕਿਸਾਨਾਂ ‘ਤੇ ਕਰਜ਼ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਛੋਟੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜ਼ ਪਹਿਲਾਂ ਮਾਫ ਕੀਤਾ ਹੋਇਆ ਹੈ।