Punjab Police arrests 17 more : ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਕਾਰਨ ਸੂਬੇ ਵਿਚ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪ੍ਰਭਾਵਿਤ ਤਿੰਨ ਜ਼ਿਲਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਵਿਚ 100 ਤੋਂ ਵੱਧ ਛਾਪੇਮਾਰੀ ਕਰਦਿਆਂ 17 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਕਈ ਹੋਰ ਥਾਵਾਂ ਜਿਵੇਂ ਰਾਜਪੁਰਾ ਅਤੇ ਸ਼ੰਭੂ ਬਾਰਡਰ ਨੇੜੇ ਵੀ ਛਾਪੇਮਾਰੀ ਕੀਤੀ ਗਈ। ਇਸ ਕੇਸ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ।
ਦੱਸਣਯੋਗ ਹੈ ਕਿ ਪਿੰਡ ਬਘੌਰਾ ਤੋਂ ਸਤਨਾਮ ਅਤੇ ਰਸ਼ਮ, ਲਖਵਿੰਦਰ, ਪਿੰਡ ਦਿਓ ਤੋਂ ਸਰਗਨਾ ਦਰਸ਼ਨ ਰਾਣੀ ਉਰਫ ਫੌਜਣ, ਇੱਕ ਹੋਰ ਅਹਿਮ ਦੋਸ਼ੀ ਬੀਰੀ, ਆਜ਼ਾਦ ਟਰਾਂਸਪੋਰਟ ਦਾ ਮਾਲਕ ਪ੍ਰੇਮ ਸਿੰਘ ਅਤੇ ਭਿੰਦਾ (ਤਰਨਤਾਰਨ ਪੁਲਿਸ ਨੂੰ ਲੋੜੀਂਦੇ) ਨੂੰ ਰਾਜਪੁਰਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਰੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਗੁਰਮੇਲ ਸਿੰਘ, ਹਰਦੀਪ ਸਿੰਘ ਉਰਫ ਗੋਲਡੀ ਉਰਫ ਕੱਛੂ ਦਾ ਦੋਸਤ, ਨਰਿੰਦਰ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਮੁਲਤਾਨੀ ਢਾਬਾ ਦੇ ਮਾਲਕ ਨਰਿੰਦਰ ਸਿੰਘ, ਗੋਵਿੰਦਰਬੀਰ ਸਿੰਘ ਉਰਫ ਗੋਬਿੰਦਾ ਪੁੱਤਰ ਗੁਰਮੀਤ ਸਿੰਘ ਵਾਸੀ ਜੰਡਿਆਲਾ ਸਿਟੀ, ਥਾਣਾ ਜੰਡਿਆਲਾ ਅੰਮ੍ਰਿਤਸਰ ਦਿਹਾਤੀ ਜ਼ਿਲੇ, ਗੁਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੋਟੀਆਂ ਤੋਂ ਗ੍ਰਿਫਤਾਰ ਕੀਤਾ ਗਿਆ।
ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾ ਵਿੱਚ ਮਾਫੀਆ ਮਾਸਟਰ ਮਾਈਂਡ, ਇੱਕ ਔਰਤ ਸਰਗਨਾ, ਇੱਕ ਟਰਾਂਸਪੋਰਟ ਮਾਲਕ, ਇੱਕ ਲੋੜੀਂਦਾ ਅਪਰਾਧੀ ਅਤੇ ਵੱਖ-ਵੱਖ ਢਾਬਿਆਂ ਦੇ ਮਾਲਕ / ਮੈਨੇਜਰ ਜਿਥੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ, ਸ਼ਾਮਲ ਹਨ। ਛਾਪੇਮਾਰੀ ਦੌਰਾਨ ਸ਼ੰਭੂ ਸਰਹੱਦ, ਰਾਜਪੁਰਾ ਅਤੇ ਪਟਿਆਲੇ ਦੇ ਆਸ ਪਾਸ ਦੇ ਖੇਤਰ ਤੋਂ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ। ਛਾਪੇਮਾਰੀ ਨੇ ਕਈ ਜ਼ਿਲਿਆਂ ਵਿੱਚ ਫੈਲੀ ਨਾਜਾਇਜ਼ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਜ਼ਿਲਾ ਦੇ ਸ਼ੰਭੂ, ਰਾਜਪੁਰਾ ਤੇ ਬਨੂੜ ਦੇ ਢਾਬਿਆਂ ਜਿਨਾਂ ਵਿਚ ਝਿਲਮਿਲ ਢਾਬਾ, ਗ੍ਰੀਨ ਢਾਬਾ, ਛਿੰਦਾ ਢਾਬਾ ਸ਼ਾਮਲ ਹਨ, ਨੂੰ ਸੀਲ ਕੀਤਾ ਗਿਆ ਹੈ। ਦੋਸ਼ੀਆਂ ਕੋਲੋਂ ਭਾਰੀ ਮਾਤਰਾ ਵਿਚ ਡੀਜਲ ਵਰਗਾ ਤਰਲ ਪਦਾਰਥ, ਕੈਮਿਕਲ, ਸਪਿਰਟ, ਲਾਹਣ, ਜਾਅਲੀ ਸ਼ਰਾਬ ਬਰਾਮਦ ਕੀਤੀ ਗਈ ਹੈ।