ਚੰਡੀਗੜ੍ਹ : ਪੰਜਾਬ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਲੋੜੀਂਦੀ ਮੈਡੀਕਲ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ 75 ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ (PSA) ਪਲਾਂਟ ਲਗਾਏ ਜਾਣਗੇ ਤਾਂਜੋ ਅਤਿ-ਸੰਭਾਵਿਤ ਤੀਜੀ ਕੋਵਿਡ ਲਹਿਰ ਦਾ ਮੁਕਾਬਲਾ ਕੀਤਾ ਜਾ ਸਕੇ।
ਇਹ ਜਾਣਕਾਰੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਐਤਵਾਰ ਨੂੰ ਇਥੇ ਸੂਬੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਦੇ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਨ੍ਹਾਂ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਸੂਬੇ ਵਿੱਚ ਪੀ.ਐਸ.ਏ. ਦੇ ਸਾਰੇ ਪਲਾਂਟਾਂ ਨੂੰ ਜਲਦ ਕਾਰਜ਼ਸੀਲ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।
ਦੱਸਣਯੋਗ ਹੈ ਕਿ ਬਰਨਾਲਾ ਅਤੇ ਨੰਗਲ ਵਿਖੇ ਦੋ ਪਲਾਂਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਬਾਕੀਆਂ ਦਾ ਕੰਮ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਦੋ ਨਵੇਂ ਟ੍ਰਾਇਲ ਪਲਾਂਟ ਚਾਲੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਸਾਰੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ 5,000 (ਓ.ਸੀਜ਼.) ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਖਰੀਦੇ ਗਏ 3,000 ਓ.ਸੀਜ਼. ਵੀ ਸੂਬੇ ਦੇ ਹਸਪਤਾਲਾਂ ਵਿਚ ਵੰਡੇ ਜਾ ਰਹੇ ਹਨ।
ਮੁੱਖ ਸਕੱਤਰ ਨੇ ਰਾਜ ਆਕਸੀਜਨ ਪ੍ਰਬੰਧਨ ਗਰੁੱਪ ਦਾ ਵੀ ਗਠਨ ਕੀਤਾ ਹੈ, ਜਿਸ ਦੀ ਅਗਵਾਈ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ ਕਰ ਰਹੇ ਹਨ ਅਤੇ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਸੀ.ਸਿਬਿਨ ਅਤੇ ਐਮ.ਡੀ. ਪੰਜਾਬ ਸਿਹਤ ਪ੍ਰਣਾਲੀ ਨਿਗਮ ਤਨੂ ਕਸ਼ਯੱਪ ਅਤੇ ਵਧੀਕ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਅਮਿਤ ਤਲਵਾੜ ਇਸਦੇ ਮੈਂਬਰ ਹਨ। ਜਸਪ੍ਰੀਤ ਤਲਵਾੜ ਨੂੰ ਇਸ ਸਬੰਧ ਵਿਚ ਭਾਰਤ ਸਰਕਾਰ ਨਾਲ ਰਾਬਤਾ ਬਣਾਈ ਰੱਖਣ ਲਈ ਸਟੇਟ ਨੋਡਲ ਅਧਿਕਾਰੀ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ।
ਸੂਬੇ ਵਿਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਅਤੇ ਲੋੜ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਸਕੱਤਰ ਨੇ ਨਵੇਂ ਬਣੇ ਸਮੂਹ ਨੂੰ ਜਨਤਕ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਦੀ ਅਸਲ ਲੋੜ, ਆਕਸੀਜਨ (ਐਲ.ਐਮ.ਓ) ਪਲਾਂਟ, ਪੀ.ਐਸ.ਏ. ਪਲਾਂਟ ਅਤੇ ਓ.ਸੀ. ਦੀ ਲੋੜ ਤੋਂ ਇਲਾਵਾ ਲੋੜੀਂਦੀਆਂ ਸਟੋਰੇਜ ਅਤੇ ਟ੍ਰਾਂਸਪੋਰਟ ਸਹੂਲਤਾਂ ਅਤੇ ਐਮ.ਓ ਸਿਲੰਡਰਾਂ ਦੀ ਉਪਲਬਧਤਾ ਬਾਰੇ ਮੁਲਾਂਕਣ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਪੰਜਾਬ ‘ਚ 600 ਤੋਂ ਘੱਟੇ ਕੋਰੋਨਾ ਦੇ ਮਾਮਲੇ, ਘੱਟੀ ਮੌਤਾਂ ਦੀ ਵੀ ਗਿਣਤੀ
ਰਾਜ ਵਿੱਚ PSA ਪਲਾਂਟਾਂ ਦੀ ਉਪਲਬਧਤਾ ਨੂੰ ਅਪਡੇਟ ਕਰਦਿਆਂ ਜਸਪ੍ਰੀਤ ਤਲਵਾੜ ਨੇ ਮੀਟਿੰਗ ਨੂੰ ਦੱਸਿਆ ਕਿ ਪੰਜਾਬ ਕੋਲ 1,400 ਲੀਟਰ ਪ੍ਰਤੀ ਮਿੰਟ (ਐਲ.ਪੀ.ਐਮ.) ਦੀ ਸਮਰੱਥਾ ਵਾਲੇ ਆਪਣੇ 2 ਪੀ.ਐਸ.ਏ. ਪਲਾਂਟ ਮੌਜੂਦ ਹਨ। ਜਦਕਿ ਭਾਰਤ ਸਰਕਾਰ ਨੇ 30,500 ਐਲ.ਪੀ.ਐਮ. ਦੀ ਸਮਰੱਥਾ ਵਾਲੇ 42 ਹੋਰ ਪਲਾਂਟ ਮਨਜੂਰ ਕੀਤੇ ਹਨ, ਇਸ ਤੋਂ ਇਲਾਵਾ 16,977 ਐਲ.ਪੀ.ਐਮ. ਦੀ ਸਮਰੱਥਾ ਵਾਲੇ 33 ਪਲਾਂਟ ਦਾਨੀ ਸੱਜਣਾਂ ਵੱਲੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਸੂਬੇ ਵਿਚ 34,000 ਮੈਡੀਕਲ ਆਕਸੀਜਨ ਸਿਲੰਡਰ ਪਹਿਲਾਂ ਹੀ ਉਪਲਬਧ ਹਨ, ਜਦਕਿ ਦਾਨੀ ਸੱਜਣਾਂ ਵਲੋਂ 2,500 ਹੋਰ ਸਿਲੰਡਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦਾਨੀ-ਸੱਜਣਾਂ ਵਲੋਂ 1000 ਹੋਰ ਸਿਲੰਡਰ ਦਿੱਤੇ ਜਾਣਗੇ।