Raja Waring raises question : ਫਾਜ਼ਿਲਕਾ : ਕਿਸਾਨਾਂ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਹਰ ਦੇਸ਼ ਦੇ ਹਰ ਸੂਬੇ ਤੇ ਹਰ ਜ਼ਿਲ੍ਹੇ ਵਿੱਚ ਪੂਰਾ ਸਮਰਥਨ ਮਿਲ ਰਿਹਾ ਹੈ। ਇਸੇ ਨੂੰ ਲੈ ਕੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਵੀ ਭਾਜਪਾ ਆਗੂ ਸੁਰਜੀਤ ਜਿਆਣੀ ਦੇ ਘਰ ਦੇ ਬਾਹਰ ਧਰਨਾ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਪਾਰਟੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤਾਂਜੋ ਕਿਸਾਨਾਂ ਦਾ ਇਹ ਸੰਘਰਸ਼ ਹੋਰ ਵੀ ਮਜ਼ਬੂਤ ਹੋ ਸਕੇ। ਅਜਿਹਾ ਕਰਨ ਨਾਲ ਕੇਂਦਰ ਸਰਕਾਰ ‘ਤੇ ਵੀ ਦਬਾਅ ਬਣੇਗਾ। ਇਸ ਦੌਰਾਨ ਸੁਰਜੀਤ ਜਿਆਣੀ ਦੀ ਪਤਨੀ ਨਿਰਮਲਾ ਜਿਆਣੀ ਨੇ ਧਰਨਾ ਲਾਏ ਵਰਕਰਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਘਰ ਵਿੱਚ ਇੱਕ ਕੁੱਤਾ ਵੀ ਰਹੇ ਤਾ ਉਸ ਨਾਲ ਵੀ ਮੋਹ ਹੋ ਜਾਂਦਾ ਹੈ, ਜਿਆਣੀ ਤਾਂ ਪਾਰਟੀ ਨਾਲ ਪਿਛਲੇ 35 ਸਾਲਾਂ ਤੋਂ ਜੁੜੇ ਹਨ ਤਾਂ ਉਹ ਪਾਰਟੀ ਇਕਦਮ ਕਿਵੇਂ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੁੱਦਾ ਗੰਭੀਰ ਹੋ ਚੁੱਕਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਇਹ ਅੰਦੋਲਨ ਇਕ ਇਤਿਹਾਸ ਬਣ ਜਾਵੇਗਾ ਕਿਉਂਕਿ ਜਾਂ ਤਾਂ ਫ਼ੈਸਲਾ ਸਾਡੇ ਹੱਕ ‘ਚ ਹੋਵੇਗਾ ਜਾਂ ਫਿਰ ਹਜ਼ਾਰਾਂ ਲੋਕ ਇਸ ਅੰਦੋਲਨ ‘ਚ ਸ਼ਹਾਦਤ ਦੇ ਦੇਣਗੇ ਅਤੇ ਦੁਨੀਆ ਯਾਦ ਰੱਖੇਗੀ ਕਿ ਕੋਈ ਅੰਦੋਲਨ ਹੋਇਆ ਸੀ। ਰਾਜਾ ਵੜਿੰਗ ਨੇ ਭਾਜਪਾ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਕਤ ਆਗੂ ਵਿਚੋਲਗੀ ਛੱਡ ਕੇ ਅਸਤੀਫ਼ਾ ਦੇ ਦੇਣ ਅਤੇ ਕਿਸਾਨਾਂ ਦਾ ਸਾਥ ਦੇਣ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ‘ਚ ਵੀ ਸਾਰੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਹਨ ਅਤੇ ਬੰਦ ਦੌਰਾਨ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਵੱਲੋਂ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਭਰਵਾਂ ਸਹਿਯੋਗ ਦਿੱਤਾ ਗਿਆ ਹੈ। ਭਾਰਤ ਬੰਦ ਦੌਰਾਨ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ। ਪੈਟਰੋਲ ਪੰਪ ਵੀ ਬੰਦ ਰਹਿਣਗੇ। ਅੱਜ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਤੱਕ ਪੂਰਾ ਦੇਸ਼ ਬੰਦ ਰਹੇਗਾ। ਇਸ ਦੇ ਨਾਲ ਹੀ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਹੇਗਾ। ਹਾਲਾਂਕਿ ਬੰਦ ਦੌਰਾਨ ਐਂਬੂਲੈਂਸਾਂ ਸਮੇਤ ਹੋਰ ਐਮਰਜੈਂਸੀ ਸੇਵਾਵਾਂ ਨੂੰ ਚੱਲ ਦੀਆਂ ਰਹਿਣਗੀਆਂ।