Red Fort Violence Case : ਨਵੀਂ ਦਿੱਲੀ : 26 ਜਨਵਰੀ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਅਤੇ ਹਿੰਸਾ ਦੇ ਦੋਸ਼ ਵਿੱਚ ਵੱਖ-ਵੱਖ ਰਾਜਾਂ ਦੇ ਸੈਂਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਗਲ ਟੀਮ ਦਿਨ-ਰਾਤ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿਚੋਂ ਬਾਹਰ ਕੱਢੇ ਜਾਣ ਦੇ ਆਪਣੇ ਯਤਨ ਕਰ ਰਹੀ ਹੈ, ਉਨ੍ਹਾਂ ਦੀ ਮਿਹਨਤ ਸਦਕਾ 7 ਹੋਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।
ਇਨ੍ਹਾਂ ਵਿੱਚ ਪਰਕਟ ਸਿੰਘ ਫਿਰੋਜ਼ਪੁਰ, ਸਵਰਨ ਸਿੰਘ ਪਟਿਆਲਾ, ਜੋਗਿੰਦਰ ਸਿੰਘ ਮਾਨਸਾ, ਬਲਬੀਰ ਸਿੰਘ ਹੁਸ਼ਿਆਰਪੁਰ, ਗੁਰਦਿਆਲ ਸਿੰਘ ਹੁਸ਼ਿਆਰਪੁਰ, ਪਰਮਜੀਤ ਸਿੰਘ ਯਮੁਨਾਨਗਰ ਅਤੇ ਕੁਲਵਿੰਦਰ ਸਿੰਘ ਦਸੂਹਾ, ਬਰਨਾਲਾ ਤੋਂ ਸ਼ਾਮਲ ਹਨ। ਇਹ ਲੋਕ ਥਾਣਾ ਮੁਖਰਜੀ ਨਗਰ ਵਿਚ ਦਰਜ ਹੋਈ ਐਫ ਆਈ ਆਰ ਨੰਬਰ 31 ਤਹਿਤ ਗ੍ਰਿਫਤਾਰ ਕੀਤੇ ਗਏ ਸਨ। ਇਹ ਐਫ ਆਈ ਆਰ ਧਾਰਾ 186, 353, 188, 269 ਤੇ 34 ਆਈ ਪੀ ਸੀ ਤਹਿਤ ਦਰਜ ਕੀਤੀ ਗਈ ਸੀ। ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ, ਜਿਸ ਦੌਰਾਨ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਹਿੰਸਾ ਦੇ ਦੋਸ਼ ਵਿੱਚ ਦਿੱਲੀ ਪੁਲਿਸ ਵੱਲੋਂ ਲਗਭਗ 177 ਦੇ ਕਰੀਬ ਕਿਸਾਨਾਂ, ਮਜਜ਼ਦੂਰਾਂ ’ਤੇ ਨੌਜਵਾਨਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬ ਦੇ ਪੰਜਾਬੀ ਕਲਾਕਾਰ ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ ਤੇ ਲੱਖਾ ਸਿਡਾਣਾ ਵੀ ਸ਼ਾਮਲ ਹੈ। ਕਿਸਾਨਾਂ ਵੱਲੋਂ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਰਿਹਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਰੋਹਿਣੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸੁਖਜਿੰਦਰ ਸਿੰਘ ਤੇ ਸੁਕਿਰਤ ਸਿੰਘ ਤੇ ਬਠਿੰਡਾ ਜ਼ਿਲ੍ਹੇ ਦੇ ਬੰਗੀ ਨਿਹਾਲ ਸਿੰਘ ਵਾਲਾ ਦੇ ਲਖਵੀਰ ਸਿੰਘ, ਸਿਮਰਨਜੀਤ ਸਿੰਘ ਤੇ ਸੰਦੀਪ ਸਿੰਘ ਨੂੰ ਜ਼ਮਾਨਤ ਦਿਵਾਈ ਸੀ। ਇਨ੍ਹਾਂ ਸਾਰਿਆਂ ਨੂੰ ਪੱਛਮੀ ਵਿਹਾਰ ਦੀ ਐਫ ਆਈ ਆਰ ਨੰਬਰ 22 ਤਹਿਤ ਧਾਰਾ 147, 148, 149, 186, 188, 269, 270, 323, 333, 353, 332, 120 ਬੀ/34 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ।