Release of datesheets for online : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਸਕੂਲ ਬੰਦ ਹਨ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਹੀ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟੀਵੀ ਚੈਨਲਾਂ ਰਾਹੀਂ ਵੀ ਸਿਲੇਬਸ ਕਵਰ ਕਰਵਾਇਆ ਜਾਂਦਾ ਰਿਹਾ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਦੋ ਮਹੀਨੇ ਦਾ ਮੁਲਾਂਕਣ ਕੀਤਾ ਜਾਵੇਗਾ ਜਿਸ ਦੇ ਲਈ SCERT ਦੇ ਡਾਇਰੈਕਟਰ ਵੱਲੋਂ ਆਨਲਾਈਨ ਟੈਸਟ ਵਾਸਤੇ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ 6ਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਦਾ ਸਬਜੈਕਟਿਵ ਟੈਸਟ ਟੀਚਰ-ਸਟੂਡੈਂਟ ਵਟਸਐਪ ਗਰੁੱਪ ਰਾਹੀਂ ਆਨ ਲਾਈਨ ਲਿਆ ਜਾਵੇਗਾ। ਇਸ ਸਬੰਧੀ ਪ੍ਰਸ਼ਨ ਪੱਤਰ ਹੈਡ ਆਫਿਸ ਰਾਹੀਂ ਤਿਆਰ ਕਰਕੇ ਆਨ ਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ ਵਿੱਚ ਅਬਜੈਕਟਿਵ ਅਤੇ ਸਬਜੈਕਟਿਵ ਦੋਵਾਂ ਤਰ੍ਹਾਂ ਦੇ ਸਵਾਲ ਹੋਣਗੇ। ਇਸ ਦੀ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ।
ਸਮੂਹ ਵਿਸ਼ਾ ਅਧਿਆਪਕਾਂ ਨੂੰ ਇਹ ਟੈਸਟ ਚੈੱਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਿਸ਼ਾ ਅਧਿਆਪਕ ਕਲਾਸ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ। ਜ਼ਿਕਰਯਰੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਛੇਵੀਂ ਤੋਂ 12 ਵੀਂ ਦਾ ਅਪ੍ਰੈਲ ਤੋਂ ਮਈ ਤੱਕ ਦਾ ਦੋ-ਮਾਸਕ ਸਿਲੇਬਸ ਟੀ.ਵੀ.ਚੈਨਲਾਂ/ਜ਼ੂਮ ਕਲਾਸਾਂ/ਪੀ.ਡੀ.ਐਫ. ਅਸਾਈਨਮੈਂਟਾਂ ਰਾਹੀਂ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਥੇ ਦੱਸ ਦੇਈਏ ਕਿ 6ਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਜਦਕਿ 11ਵੀਂ ਅਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ ’ਤੇ ਤਿਆਰ ਕਰਨਗੇ ਅਤੇ ਆਨ ਲਾਈਨ ਪੇਪਰ ਲੈਣਗੇ।