SAD and BJP decide to fight : ਪੰਜਾਬ ਸਰਕਾਰ ’ਤੇ ਪੰਜਾਬ ਦੇ ਖਜ਼ਾਨੇ ਦੀ ਖੁੱਲ੍ਹੀ ਲੁੱਟ ਦਾ ਦੋਸ਼ ਲਗਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਜਾ ਰਹੀ ਇਸ ਨਾਇਨਸਾਫੀ ਖਿਲਾਫ ਇਕਜੁਟ ਹੋ ਕੇ ਲੜਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਦੋਵੇਂ ਪਾਰਟੀਆਂ ਦੀ ਤਾਲਮੇਲ ਕਮੇਟੀ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਆਮ ਲੋਕਾਂ, ਉਦਯੋਗਿਕ ਸੈਕਟਰ ਨੂੰ ਤੁਰੰਤ ਰਾਹਤ ਦੇਣ ਅਤੇ ਸ਼ਰਾਬ ਘਪਲੇ ਕਾਰਨ ਸਰਕਾਰੀ ਖਜ਼ਾਨੇ ਨੂੰ 5600 ਕਰੋੜ ਦੇ ਨੁਕਸਾਨ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਿਨੀ ਸ਼ਰਮਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਬੈਠਕ ਵਿਚ ਫਸਲਾ ਲਿਆ ਗਿਆ ਕਿ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮਿਲ ਕੇ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿਚ ਸ਼ਰਾਬ, ਬੀਜ ਤੇ ਰਾਸ਼ਨ ਘਪਲੇ ਦੀ ਨਿਰਪੱਖ ਜਾਂਚ ਤੋਂ ਇਲਾਵਾ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਦੇ ਤੁਰੰਤ ਭੁਗਤਾਨ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਤਾਲਮੇਲ ਕਮੇਟੀ ਨੇ ਮੰਨਿਆ ਕਿ ਸਰਕਾਰ ਨੇ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਾਲੇ ਸਮਝੌਤਾ ਕਰਵਾ ਕੇ 5600 ਕਰੋੜ ਰੁਪਏ ਦੇ ਸ਼ਰਾਬ ਘਪਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਮੀਟਿੰਗ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਐਮ ਬੀ ਬੀ ਐਸ ਕੋਰਸਾਂ ਦੀਆਂ ਫੀਸਾਂ ਵਿਚ ਕੀਤਾ ਗਿਆ 70 ਤੋਂ 80 ਫੀਸਦੀ ਵਾਧਾ ਤੁਰੰਤ ਵਾਪਸ ਲੈਣ ਲਈ ਵੀ ਕਿਹਾ।
ਇਸ ਦੌਰਾਨ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਨੇ ਕਿਸਾਨਾਂ ਨਾਲ ਮਤਰੇਆ ਵਤੀਰਾ ਕੀਤੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ, ਦਿਹਾੜੀਦਾਰ ਅਤੇ ਛੋਟੇ ਕੰਮ-ਧੰਦੇ ਵਾਲੇ ਲੋਕਾਂ ਨੇ ਬੀਤੇ ਤਿੰਨ ਮਹੀਨਿਆਂ ਵਿਚ ਆਪਣੀ ਰੋਜ਼ੀ-ਰੋਟੀ ਗੁਆ ਦਿੱਤੀ, ਪਰ ਸੂਬਾ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਭਾਜਪਾ ਵੱਲੋਂ ਦਿਨੇਸ਼ ਸ਼ਰਮਾ, ਸ੍ਰੀ ਅਵਿਨਾਸ਼ ਰਾਏ ਖੰਨਾ, ਤਰੁਣ ਚੁੱਘ, ਮਦਨ ਮੋਹਣ ਮਿੱਤਲ, ਜੀਵਨ ਗੁਪਤਾ, ਸੁਭਾਸ਼ ਸ਼ਰਮਾ ਤੇ ਮਾਲਵਿੰਦਰ ਸਿੰਘ ਕੰਗ ਨੇ ਸ਼ਮੂਲੀਅਤ ਕੀਤੀ।