SAD announces Chakka : ਐਤਵਾਰ ਨੂੰ ਕੇਂਦਰ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕੱਲ ਖੇਤੀ ਬਿੱਲਾਂ ਸਬੰਧੀ ਰਾਸ਼ਟਰਪਤੀ ਨੂੰ ਵੀ ਮਿਲੇ ਤੇ ਪਾਰਟੀ ਦਾ ਮੈਮੋਰੰਡਮ ਰਾਸ਼ਟਰਪਤੀ ਨੂੰ ਸੌਂਪਿਆ ਜਿਸ ‘ਚ ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਨ੍ਹਾਂ ਖੇਤੀ ਬਿੱਲਾਂ ‘ਤੇ ਹਸਤਾਖਰ ਨਾ ਕਰਨ ਦੀ ਅਪੀਲ ਕੀਤੀ ਸੀ ਤੇ ਇਨ੍ਹਾਂ ਖੇਤੀ ਬਿੱਲਾਂ ਨੂੰ ਦੁਬਾਰਾ ਵਿਚਾਰ ਕਰਨ ਦੀ ਬੇਨਤੀ ਵੀ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ ਤੇ ਅੱਜ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦਾ ਸਮਰਥਨ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਟੁੱਟਣਾ ਲਗਭਗ ਤੈਅ ਹੈ। ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ। ਅਗਲੀ ਕੋਰ ਕਮੇਟੀ ‘ਚ ਇਹ ਐਲਾਨ ਹੋ ਸਕਦਾ ਹੈ। SAD ਭਾਜਪਾ ਦੇ ਸਾਹਮਣੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਖੜ੍ਹਾ ਹੈ। ਇਸ ਲਈ ਅਕਾਲੀ ਦਲ ਵੱਲੋਂ ਮਹੱਤਵਪੂਰਨ ਪ੍ਰੋਗਰਾਮ ਬਣਾ ਗਏ ਹਨ। ਇਹ ਜਾਣਕਾਰੀ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ। ਉਨ੍ਹਾਂ ਕਿਹਾ ਕਿ SAD 25 ਸਤੰਬਰ ਨੂੰ ਪੰਜਾਬ ਬੰਦ ‘ਤੇ ਪੂਰੇ ਸੂਬੇ ‘ਚ ਚੱਕਾ ਜਾਮ ਕਰਨਗੇ। ਸਵੇਰੇ 11 ਵਜੇ ਤੋਂ 2 ਵਜੇ ਤਕ ਚੱਕਾ ਜਾਮ ਕੀਤਾ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਡਾ. ਚੀਮਾ ਨੇ ਦੱਸਿਆ ਕਿ 26 ਤੋਂ ਲੈ ਕੇ 29 ਸਤੰਬਰ ਤਕ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸੂਬੇ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਸਾਰਿਆਂ ਕੋਲੋਂ ਖੇਤੀ ਬਿੱਲਾਂ ਬਾਰੇ ਪੁੱਛਿਆ ਜਾਵੇਗਾ। 1 ਅਕਤੂਬਰ ਲਈ ਵੀ ਪਾਰਟੀ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ। ਅਕਾਲੀ ਦਲ ਦੇ ਆਗੂ, ਵਰਕਰ ਤੇ ਕਿਸਾਨ ਮਜ਼ਦੂਰ ਪੰਜਾਬ ਅੰਦਰ ਤਿੰਨ ਤਖਤ ਸਾਹਿਬਾਨਾਂ ‘ਤੇ ਇਕੱਠੇ ਹੋ ਕੇ ਅਰਦਾਸ ਕਰਨਗੇ ਅਤੇ ਇਸ ਤੋਂ ਬਾਅਦ ਮੋਹਾਲੀ ਜਾਣਗੇ ਜਿਥੇ ਦੁਸਹਿਰਾ ਗਰਾਊਂਡ ਵਿਖੇ ਵਿਸ਼ਾਲ ਰੈਲੀ ਪਾਰਟੀ ਵੱਲੋਂ ਕੀਤੀ ਜਾਵੇਗੀ।