Sangat pays obeisance : ਗੁਰਦੁਆਰਾ ਸ੍ਰੀ ਕੰਧ ਸਾਹਿਬ ’ਚ ਬਾਬਾ ਨਾਨਕ ਦੇ ਵਿਆਹ ਪੁਰਬ ਨਾਲ ਸਬੰਧ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ’ਚ ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਹਾਲਾਂਕਿ ਕੋਰੋਨਾ ਦੇ ਚੱਲਦਿਆਂ ਵਿਆਹ ਪੁਰਬ ਇਸ ਵਾਰ ਗੁਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਡੇਹਰਾ ਸਾਹਿਬ ਤੱਕ ਹੀ ਸੀਮਤ ਰਿਹਾ।
ਮੰਗਲਵਾਰ ਸਵੇਰ ਤੋਂ ਹੀ ਸੰਗਤ ਦਾ ਗੁਰਦੁਆਰਾ ਸਾਹਿਬ ਵਿਚ ਆਉਣਾ ਸ਼ੁਰੂ ਹੋ ਗਿਆ ਸੀ। ਉਥੇ ਗੁਰਦੁਆਰਾ ਸਾਹਿਬ ਵਿਚ ਸਥਿਤ ਸ੍ਰੀ ਪਾਲਕੀ ਸਾਹਿਬ ਨੂੰ ਪੀਲੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ. ਵਿਆਹ ਪੁਰਬ ਦੇ ਦਿਨ ਗੁਰਦੁਆਰਾ ਸ੍ਰੀ ਕੰਧ ਸਾਹਿਬ ’ਚ 10 ਹਜ਼ਾਰ ਦੇ ਲਗਭਗ ਸੰਗਤ ਨੇ ਮੱਥਾ ਟੇਕਿਆ। ਉਥੇ ਹੀ ਗੁਰਦੁਆਰਾ ਕੰਧ ਸਾਹਿਬ ਦੇ ਹਰ ਗੇਟ ’ਤੇ ਸੈਨੀਟਾਈਜ਼ਰ ਲੈ ਕੇ ਸੇਵਾਦਾਰ ਮੌਜੂਦ ਰਹੇ ਅਤੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਚ 23 ਅਗਸਤ ਨੂੰ ਸ਼ੁਰੂ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਮੰਗਲਵਾਰ ਨੂੰ ਵਿਆਹ ਪੁਰਬ ਦੀ ਸ਼ੁਰੂਆਤ ਕੀਤੀ ਗਈ। ਸੰਗਤ ਗੁਰਦੁਆਰਾ ਸਾਹਿਬ ਵਿਚ ਫ੍ਰੇਮ ਵਿਚ ਸੁਰੱਖਿਅਤ ਇਤਿਹਾਸਕ ਕੱਚੀ ਕੰਧ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਹੋਈ। ਗੁਰਦੁਆਰਾ ਸਾਹਿਬ ਵਿਚ ਸੰਗਤ ਦਾ ਆਉਣਾ ਸਵੇਰੇ 4 ਵਜੇ ਹੀ ਸ਼ੁਰੂ ਹੋ ਗਿਆ ਸੀ। ਜਿਵੇਂ-ਜਿਵੇਂ ਸਮਾਂ ਵਧਦਾ ਗਿਆ ਉਵੇਂ-ਉਵੇਂ ਸੰਗਤ ਦੀ ਗਿਣਤੀ ਵਧਦੀ ਗਈ।
ਬਟਾਲਾ ’ਚ ਵਿਆਹ ਪੁਰਬ ਦੇ ਮੌਕੇ ’ਤੇ ਵਿਆਹ ਵਰਗਾ ਮਾਹੌਲ ਹੁੰਦਾ ਸੀ ਪਰ ਇਸ ’ਤੇ ਕੋਰੋਨਾ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਕਾਰਨ ਮੇਲੇ ਨਹੀਂ ਲੱਗੇ। ਗੁਰਦੁਆਰਾ ਸਾਹਿਬ ’ਚ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ ਅਤੇ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਚੱਲ ਰਹੇ ਸਨ। ਉਥੇ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ।
ਕਥਾ ਵਾਚਕਾਂ, ਕਵੀਆਂ ਨੇ ਹਰ ਜਸ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਪਾਲ ਸਿੰਘ ਭਾਟੀਆ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਮੈਨੇਜਰ ਦਵਿੰਦਰ ਸਿੰਘ ਲਾਲੀ ਬਾਜਵਾ ਨੇ ਸਮਾਰੋਹ ’ਚ ਪਹੁੰਚੇ ਸੀਨੀਅਰ ਲੋਕਾਂ ਨੂੰ ਸਨਮਾਨਤ ਕੀਤਾ ਅਤੇ ਸਮੂਹ ਸੰਗਤ ਨੂੰ ਇਸ ਪਾਵਨ ਮੌਕੇ ’ਤੇ ਵਧਾਈ ਦਿੱਤੀ।